ਮੋਗਾ : ਚੌਲਾਂ ਵਾਲੀਆਂ ਬੋਰੀਆਂ ’ਤੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਛਾਪਣ ’ਤੇ ਸਿੱਖ ਜਥੇਬੰਦੀਆਂ ਨੇ ਸ਼ੈਲਰ ਘੇਰ ਕੇ ਮਾਲਕ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਰਾਜਾ ਸਿੰਘ ਖੁਖਰਾਣਾ, ਸਤਪਾਲ ਸਿੰਘ ਡਗਰੂ, ਜਗਜੀਤ ਸਿੰਘ ਖੋਸਾ, ਜਗਸੀਰ ਸਿੰਘ ਰਾਜੇਆਣਾ, ਕੁਲਵੰਤ ਸਿੰਘ ਫ਼ੌਜੀ ਖੋਸਾ, ਮੱਘਰ ਸਿੰਘ ਕੋਟਲਾ, ਅਜੀਤ ਸਿੰਘ ਮੋਗਾ, ਬਲਜੀਤ ਸਿੰਘ ਮੋਗਾ, ਪ੍ਰਦੀਪ ਲੰਡੇਕੇ ਤੋਂ ਇਲਾਵਾ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ।

ਰਾਜਾ ਸਿੰਘ ਖੁਖਰਾਣਾ ਨੇ ਦੱਸਿਆ ਕਿ ਸ਼ੈਲਰ ਮਾਲਕ ਵੱਲੋਂ ਵੱਖ-ਵੱਖ ਚਾਵਲਾਂ ਦੀ ਪੈਕਿੰਗ ’ਤੇ ਦਰਬਾਰ ਸਾਹਿਬ ਦੀ ਤਸਵੀਰ ਲਾ ਕੇ ਬੇਅਦਬੀ ਕੀਤੀ ਗਈ ਹੈ ਅਤੇ ਚੌਲਾਂ ਦੀ ਪੈਕਿੰਗ ਦੀ ਬੋਰੀ ’ਤੇ ਛਪੀ ਸ੍ਰੀ ਦਰਬਾਰ ਸਾਹਿਬ ਜੀ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ। ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਤਸਵੀਰ ਮੋਗਾ ਜ਼ਿਲ੍ਹੇ ਦੇ ਖੋਸਾ ਰਣਧੀਰ ਪਿੰਡ ਦੇ ਸ਼ੈਲਰ ਵੱਲੋਂ ਛਪਾਈ ਜਾ ਰਹੀ ਸੀ। ਉਪਰੰਤ ਸਿੱਖ ਜਥੇਬੰਦੀਆਂ ਵੱਡੀ ਗਿਣਤੀ ਵਿੱਚ ਸ਼ੈਲਰ ਵਿੱਚ ਇਕੱਠੀਆਂ ਹੋਈਆਂ। ਜਥੇਬੰਦੀਆਂ ਦੇ ਆਗੂਆਂ ਨੂੰ ਦੋ ਲੱਖ ਤੋਂ ਵੱਧ ਵੱਖ-ਵੱਖ ਪੈਕਿੰਗਾਂ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੀ ਫੋਟੋ ਲੱਗੀਆਂ ਭਰੀਆਂ ਬੋਰੀਆਂ ਮਿਲੀਆਂ ਜੋ ਕਿ ਬਾਥਰੂਮ ਅਤੇ ਹੋਰ ਥਾਵਾਂ ’ਤੇ ਵੀ ਪਈਆਂ ਸਨ, ਜਿੱਥੇ ਗੰਦਗੀ ਦੇ ਢੇਰ ਸਨ। ਜਥੇਬੰਦੀਆਂ ਨੇ ਮੰਗ ਕੀਤੀ ਕਿ ਸ਼ੈਲਰ ਮਾਲਕ ’ਤੇ ਕਾਰਵਾਈ ਕੀਤੀ ਜਾਵੇ ਅਤੇ ਸ਼ੈਲਰ ਤੁਰੰਤ ਬੰਦ ਕੀਤਾ ਜਾਵੇ





