ਸੈਕਰਾਮੈਂਟੋ 27 ਜੂਨ (ਹੁਸਨ ਲੜੋਆ ਬੰਗਾ)- ਨਿਊਯਾਰਕ ਵਿਚ ਪੁਲਿਸ ਤੋਂ ਬਚਣ ਲਈ ਸ਼ੱਕੀ ਵਿਅਕਤੀਆਂ ਨੇ ਆਪਣੀ ਕਾਰ ਭਜਾ ਲਈ ਜੋ ਲੋਕਾਂ ਉਪਰ ਚੜ ਗਈ ਜਿਸ ਦੇ ਸਿੱਟੇ ਵਜੋਂ ਇਕ ਬਜੁਰਗ ਔਰਤ ਦੀ ਮੌਤ ਹੋ ਗਈ ਤੇ ਇਕ 8 ਸਾਲ ਦੇ ਲੜਕੇ ਸਮੇਤ 4 ਹੋਰ ਵਿਅਕਤੀ ਜਖਮੀ ਹੋ ਗਏ। ਅਸਿਸਟੈਂਟ ਪੁਲਿਸ ਮੁੱਖੀ ਜੂਡਿਥ ਹੈਰੀਸਨ ਨੇ ਇਕ ਪ੍ਰੈਸ ਰਲੀਜ ਵਿਚ ਦੱਸਿਆ ਕਿ ਪੁਲਿਸ ਅਧਿਕਾਰੀਆਂ ਨੇ ਨੰਬਰ ਪਲੇਟ ਗਲਤ ਹੋਣ ਕਾਰਨ ਇਕ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ। ਕਾਰ ਵਿਚ ਦੋ ਸ਼ੱਕੀ ਵਿਅਕਤੀ ਸਵਾਰ ਸਨ। ਰਾਲਫ ਐਵੀਨਿਊ ਤੇ ਚੌਂਸੀ ਸਟਰੀਟ ਬੈਡਫੋਰਡ- ਸਟੂਈਵੈਸੈਂਟ ਵਿਖੇ ਵਾਪਰੀ ਇਸ ਘਟਨਾ ਵਿਚ ਕਾਰ ਦੇ ਡਰਾਈਵਰ ਨੇ ਪਹਿਲਾਂ ਕਾਰ ਰੋਕ ਲਈ ਪਰੰਤੂ ਜਿਵੇਂ ਹੀ ਪੁਲਿਸ ਅਧਿਕਾਰੀ ਪੈਦਲ ਕਾਰ ਵਲ ਵਧੇ ਤਾਂ ਡਰਾਈਵਰ ਨੇ ਤੇਜ ਰਫਤਾਰ ਨਲ ਕਾਰ ਭਜਾ ਲਈ। ਕਾਰ ਨੇ ਪੈਦਲ ਤੁਰੇ ਜਾਂਦੇ 2 ਲੋਕਾਂ ਤੇ ਇਕ ਸਾਇਕਲ ਸਵਾਰ ਨੂੰ ਦਰੜਿਆ ਤੇ ਬਾਅਦ ਵਿਚ ਇਕ ਹੋਰ ਵਿਅਕਤੀ ਉਪਰ ਜਾ ਚੜੀ ਤੇ ਇਕ ਵਾਹਣ ਵਿਚ ਜਾ ਵੱਜੀ। ਸ਼ੱਕੀ ਵਿਅਕਤੀ ਕਾਰ ਛੱਡ ਕੇ ਪੈਦਲ ਹੀ ਫਰਾਰ ਹੋ ਗਏ। ਹੈਰੀਸਨ ਅਨੁਸਾਰ ਇਸ ਘਟਨਾ ਵਿਚ ਇਕ ਬਜੁਰਗ ਔਰਤ ਮਾਰੀ ਗਈ ਤੇ ਜਖਮੀ ਹੋਏ 4 ਵਿਅਕਤੀਆਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ। ਇਕ ਸ਼ੱਕੀ ਵਿਅਕਤੀ ਨੂੰ ਪੁਲਿਸ ਨੇ ਹਿਰਾਸਤ ਵਿਚ ਲਿਆ ਹੈ।





