ਫਿਰੋਜ਼ਪੁਰ ਦੇ ਸ਼ੇਰ ਖਾਨ ਪਿੰਡ ਦੀ ਵਸਨੀਕ ਸੀ ਪਰਵਿੰਦਰ ਕੌਰ ।

ਫਿਰੋਜ਼ਪੁਰ (ਸੰਦੀਪ ਸਹਿਗਲ) : ਨੇੜਲੇ ਪਿੰਡ ਸ਼ੇਰ ਖਾਂ ਵਿੱਚ ਉਸ ਸਮੇ ਸੋਗ ਦੀ ਲਹਿਰ ਦੌੜ ਗਈ ਜਦੋਂ ਕੈਨੇਡਾ ਵਿੱਚ ਪੜਾਈ ਕਰਨ ਗਈ ਪਰਵਿੰਦਰ ਕੌਰ ਦੀ ਮੌਤ ਦੀ ਖ਼ਬਰ ਉਸਦੇ ਘਰ ਪਹੁੰਚੀ । ਮਿਲੀ ਜਾਣਕਾਰੀ ਮੁਤਾਬਿਕ ਪਰਵਿੰਦਰ ਕੌਰ ਦੀ ਕੈਨੇਡਾ ਦੇ ਟੋਰਾਂਟੋ ‘ਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਜਦਕਿ ਉਸ ਦੇ ਨਾਲ ਗੱਡੀ ‘ਚ ਸਵਾਰ ਉਸ ਦੇ ਪਿੰਡ ਦੇ ਹੀ ਭੈਣ-ਭਰਾ ਇਸ ਸਮੇਂ ਹਸਪਤਾਲ ‘ਚ ਦਾਖ਼ਲ ਹਨ।
ਇਹ ਤਿੰਨੇ ਬੱਚੇ ਸ਼ੇਰ ਖ਼ਾਂ ਦੇ ਰਹਿਣ ਵਾਲੇ ਹਨ। ਪਰਵਿੰਦਰ ਕੌਰ ਦੇ ਪਿਤਾ ਪ੍ਰੀਤਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਧੀ ਨੂੰ ਪੜ੍ਹਨ ਲਈ ਕੈਨੇਡਾ ਭੇਜਿਆ ਸੀ। ਉਸ ਦੀ ਪੜ੍ਹਾਈ ਪੂਰੀ ਹੋ ਗਈ ਸੀ ਅਤੇ ਉੱਥੇ ਉਹ ਕੰਮ ਤੋਂ ਵਾਪਸ ਆ ਰਹੀ ਸੀ ਕਿ ਸੜਕ ਹਾਦਸਾ ਵਾਪਰ ਗਿਆ, ਜਿਸ ਵਿਚ ਪਰਵਿੰਦਰ ਕੌਰ ਦੀ ਮੌਤ ਹੋ ਗਈ ਅਤੇ ਉਸ ਦੇ ਨਾਲ ਪਿੰਡ ਦੇ ਹੀ ਦੋ ਭੈਣ-ਭਰਾ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ।
ਜ਼ਖ਼ਮੀ ਭੈਣ-ਭਰਾ ਹਰਪ੍ਰੀਤ ਸਿੰਘ ਤੇ ਰਣਜੀਤ ਕੌਰ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਕਰੀਬ 2 ਸਾਲ ਪਹਿਲਾਂ ਉੱਚ ਸਿੱਖਿਆ ਦੇ ਲਈ ਵਿਦਿਆਰਥੀ ਵੀਜ਼ੇ ‘ਤੇ ਕੈਨੇਡਾ ਗਏ ਸਨ ਅਤੇ ਸੜਕ ਹਾਦਸੇ ‘ਚ ਜ਼ਖਮੀ ਹੋ ਗਏ।





