ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਆਮ ਬਜਟ ‘ਚ ਪ੍ਰਸਤਾਵਿਤ ਡਿਜੀਟਲ ਕਰੰਸੀ ਨੂੰ ਨਕਦੀ ‘ਚ ਤਬਦੀਲ ਕੀਤਾ ਜਾ ਸਕਦਾ ਹੈ। ਭਾਜਪਾ ਵਲੋਂ ਆਯੋਜਿਤ ‘ਆਤਮ ਨਿਰਭਰ ਅਰਥਵਿਵਸਥਾ’ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰੀ ਬੈਂਕ ਦੀ ਡਿਜੀਟਲ ਕਰੰਸੀ (ਸੀ. ਬੀ. ਡੀ. ਸੀ.) ਜਾਂ ਡਿਜੀਟਲ ਕਰੰਸੀ ਆਨਲਾਈਨ ਲੈਣ-ਦੇਣ ਨੂੰ ਹੋਰ ਸੁਰੱਖਿਅਤ ਬਣਾਏਗਾ ਅਤੇ ਇਸ ‘ਚ ਕਿਸੇ ਤਰ੍ਹਾਂ ਦਾ ਕੋਈ ਖ਼ਤਰਾ ਨਹੀਂ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ ਇਸ ਨਾਲ ਆਉਣ ਵਾਲੇ ਸਮੇਂ ‘ਚ ਡਿਜੀਟਲ ਅਰਥਵਿਵਸਥਾ ਨੂੰ ਬਲ ਮਿਲੇਗਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਡਿਜੀਟਲ ਰੁਪਇਆ ਅਜੇ ਜੋ ਸਾਡੀ ਫਿਜੀਕਲ ਕਰੰਸੀ (ਭੌਤਿਕ ਕਰੰਸੀ) ਹੈ, ਉਸ ਦਾ ਹੀ ਡਿਜੀਟਲ ਰੂਪ ਹੋਵੇਗਾ ਅਤੇ ਇਸ ਨੂੰ ਰਿਜ਼ਰਵ ਬੈਂਕ ਆਫ਼ ਇੰਡੀਆ ਵਲੋਂ ਕੰਟਰੋਲ ਕੀਤਾ ਜਾਵੇਗਾ। ਕੇਂਦਰੀ ਬੈਂਕ ਦੀ ਡਿਜੀਟਲ ਕਰੰਸੀ ਨਾਲ ਡਿਜੀਟਲ ਅਰਥਵਿਵਸਥਾ ਨੂੰ ਮਜ਼ਬੂਤੀ ਮਿਲੇਗੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਡਿਜੀਟਲ ਕਰੰਸੀ ਫਿਨਟੈਕ ਖੇਤਰ ਵਿਚ ਨਵੇਂ ਮੌਕਿਆਂ ਨੂੰ ਪੈਦਾ ਕਰਨ ਅਤੇ ਕੈਸ਼ ਦੇ ਪ੍ਰਬੰਧਨ, ਛਪਾਈ, ਟਰਾਂਸਪੋਰਟ ਸਬੰਧੀ ਬੋਝ ਨੂੰ ਘੱਟ ਕਰ ਕੇ ਕ੍ਰਾਂਤੀਕਾਰੀ ਬਦਲਾਅ ਲਿਆਵੇਗੀ। ਦੱਸ ਦੇਈਏ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਮੰਗਲਵਾਰ ਨੂੰ ਸੰਸਦ ‘ਚ ਪੇਸ਼ ਆਮ ਬਜਟ ਮੁਤਾਬਕ ‘ਡਿਜੀਟਲ ਰੁਪਇਆ’ ਨਾਮੀ ਇਹ ਕਰੰਸੀ, ਰਿਜ਼ਰਵ ਬੈਂਕ ਵਲੋਂ ਡਿਜੀਟਲ ਰੂਪ ‘ਚ ਜਾਰੀ ਕੀਤੀ ਜਾਵੇਗੀ ਅਤੇ ਇਸ ਨੂੰ ਭੌਤਿਕ ਕਰੰਸੀ ਨਾਲ ਬਦਲਿਆ ਜਾ ਸਕੇਗਾ।





