
ਅਜਨਾਲਾ, (ਗਗਨ ਢਿੱਲੋਂ) : ਲੋਪੋਕੇ ਥਾਣਾ ਅਧੀਨ ਆਉਂਦੇ ਪਿੰਡ ਬੋਪਾਰਾਏ ਖੁਰਦ ‘ਚ ਬੀਤੀ ਦੇਰ ਰਾਤ ਦੌੜ ਲਾ ਕੇ ਦੋਸਤ ਸਮੇਤ ਘਰ ਪਰਤ ਰਹੇ ਇਕ ਨੌਜਵਾਨ ਦੀ ਪਿੰਡ ਦੇ ਹੀ ਇਕ ਨੌਜਵਾਨ ਨੇ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮਿ੍ਤਕ ਦੀ ਪਛਾਣ 25 ਸਾਲਾ ਗੁਰਬੀਰ ਸਿੰਘ ਉਰਫ਼ ਗੋਪੀ ਵਜੋਂ ਹੋਈ ਹੈ। ਲੋਪੋਕੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਪਿੰਡ ਬੋਪਾਰਾਏ ਖੁਰਦ ਵਾਸੀ ਜੰਗਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਛੋਟਾ ਪੁੱਤ ਲੋਕ ਸੇਵਾ ਲਈ ਪੁਲਿਸ ‘ਚ ਭਰਤੀ ਹੋਣਾ ਚਾਹੁੰਦਾ ਸੀ। ਬਾਰ੍ਹਵੀਂ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਧ ਉਹ ਰੋਜ਼ਾਨਾ ਸਵੇਰੇ ਸ਼ਾਮ ਦੌੜ ਲਾਉਂਦਾ ਸੀ। ਬੀਤੀ ਸ਼ਾਮ ਵੀ ਉਹ ਆਪਣੇ ਦੋਸਤ ਅਮਨਦੀਪ ਸਿੰਘ ਨਾਲ ਦੌੜ ਲਾ ਕੇੇ ਜਦੋਂ ਰਾਤ ਕਰੀਬ ਸਾਢੇ ਨੌ ਵਜੇ ਵਾਪਸ ਘਰ ਪਰਤ ਰਿਹਾ ਸੀ ਤਾਂ ਕੁਝ ਦੇਰ ਲਈ ਉਹ ਦੋਵੇਂ ਗਲੀ ‘ਚ ਖੜ੍ਹੇ ਹੋ ਗਏ। ਇਸ ਦੌਰਾਨ ਕੋਲ ਹੀ ਰਹਿਣ ਵਾਲਾ ਨੌਜਵਾਨ ਸਰੂਪ ਸਿੰਘ ਹੱਥ ‘ਚ ਪਿਸਤੌਲ ਫੜ ਕੇ ਘਰੋਂ ਬਾਹਰ ਆਇਆ ਤੇ ਗਾਲ੍ਹਾਂ ਕੱਢਦੇ ਹੋਏ ਦੋ ਫਾਇਰ ਗੋਪੀ ਵੱਲ ਕੀਤੇ। ਇਕ ਗੋਲ਼ੀ ਕੋਪੀ ਦੀ ਛਾਤੀ ‘ਚ ਤੇ ਇਕ ਬਾਂਹ ‘ਚ ਵੱਜੀ। ਉਪਰੰਤ ਮੁਲਜ਼ਮ ਸਰੂਪ ਸਿੰਘ ਹਵਾ ‘ਚ ਫਾਇਰ ਕਰਦਾ ਹੋਇਆ ਫ਼ਰਾਰ ਹੋ ਗਿਆ। ਪਰਿਵਾਰ ਵੱਲੋਂ ਤੁਰੰਤ ਗੋਪੀ ਨੂੰ ਗੁਰੂ ਨਾਨਕ ਦੇਵ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਕਰ ਦਿੱਤਾ। ਇਸ ਸਬੰਧੀ ਡੀਐੱਸਪੀ ਅਟਾਰੀ ਗੁਰਪ੍ਰੀਤ ਸਿੰਘ ਸਹੋਤਾ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਨੌਜਵਾਨ ਸਰੂਪ ਸਿੰਘ ਖ਼ਿਲਾਫ਼ ਹੱਤਿਆ ਤੇ ਆਰਮਸ ਐਕਟ ਤਹਿਤ ਮਾਮਲਾ ਦਰਜ ਕਰ ਕੇ ਉਸ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਫਿਲਹਾਲ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਅੰਮਿ੍ਤਸਰ ‘ਚ ਰੱਖਿਆ ਗਿਆ ਹੈ।






