ਦੋ ਵਾਰ ਗੱਲਬਾਤ ਨਾਲ ਸਮਝਾਉਣ ਦੀ ਕੋਸ਼ਿਸ਼ ਹੋਵੇਗੀ ਨਹੀਂ ਤਾਂ ਸਰਕਾਰ ਚੁੱਕ ਸਕਦੀ ਹੈ ਸਖ਼ਤ ਕਦਮ

ਦਿੱਲੀ (ਬਿਊਰੋ) : ਦੇਸ਼ ਭਰ ’ਚ ਕੋਰੋਨਾ ਦੀ ਦੂਜੀ ਲਹਿਰ ਤੇਜ਼ੀ ਨਾਲ ਫੈਲ ਰਹੀ ਹੈ। ਕੇਂਦਰ ਤੇ ਸੂਬਾ ਸਰਕਾਰ ਦੀ ਪਹਿਲ ਹੈ ਕਿ ਪਿਛਲੇ ਸਾਢੇ ਤਿੰਨ ਮਹੀਨਿਆਂ ਤੋਂ ਧਰਨੇ ’ਤੇ ਬੈਠੇ ਇਹ ਕਿਸਾਨ ਕੋਰੋਨਾ ਇਨਫੈਕਸ਼ਨ ਦਾ ਸ਼ਿਕਾਰ ਨਾ ਹੋ ਜਾਣ। ਜੇਕਰ ਉਹ ਇਨਫੈਕਟਿਡ ਹੁੰਦੇ ਹਨ ਤਾਂ ਦੂਜੇ ਲੋਕਾਂ ’ਚ ਵੀ ਇਨਫੈਕਸ਼ਨ ਤੇਜ਼ੀ ਨਾਲ ਫੈਲਣ ਦਾ ਖ਼ਤਰਾ ਬਣਿਆ ਰਹੇਗਾ। ਇਸ ਲਈ ਸਰਕਾਰ ਚਾਹੁੰਦੀ ਹੈ ਕਿ ਇਨ੍ਹਾਂ ਨੂੰ ਸਮਝਾ ਕੇ ਅੰਦੋਲਨ ਵਾਲੀ ਥਾਂ ਤੋਂ ਉਠਾਇਆ ਜਾਵੇ। ਜੇਕਰ ਉਹ ਬਾਅਦ ’ਚ ਅੰਦੋਲਨ ਕਰਨਾ ਚਾਹੁਣ ਤਾਂ ਉਨ੍ਹਾਂ ਨੂੰ ਕੋਈ ਇਕ ਥਾਂ ਦਿੱਤੀ ਜਾ ਸਕਦੀ ਹੈ।
ਦਿੱਲੀ ਦੀਆਂ ਹੱਦਾਂ ’ਤੇ ਬੈਠੇ ਕਿਸਾਨਾਂ ਨੂੰ ਕੋਰੋਨਾ ਇਨਫੈਕਸ਼ਨ ਦੇ ਫੈਲਾਅ ਦਾ ਕਾਰਨ ਨਹੀਂ ਬਣਨ ਦਿੱਤਾ ਜਾਵੇਗਾ। ਸਿੰਘੂ ਤੇ ਟਿਕਰੀ ਬਾਰਡਰ ’ਤੇ ਬੈਠੇ ਇਨ੍ਹਾਂ ਕਿਸਾਨਾਂ ਨੂੰ ਸਰਕਾਰ ਪਹਿਲਾਂ ਸਮਝਾਏਗੀ। ਜੇਕਰ ਇਹ ਜ਼ਿੱਦ ’ਤੇ ਅੜੇ ਰਹੇ ਤੇ ਅੰਦੋਲਨ ਵਾਲੀ ਥਾਂ ਤੋਂ ਨਹੀਂ ਹਟੇ ਤਾਂ ਉਨ੍ਹਾਂ ਨੂੰ ਨੀਮ ਫ਼ੌਜੀ ਦਸਤਿਆਂ ਤੇ ਪੁਲਿਸ ਦੀ ਮਦਦ ਨਾਲ ਹਟਾਇਆ ਜਾਵੇਗਾ। ਗ੍ਰਹਿ ਮੰਤਰਾਲੇ ਨੇ ਇਸਦੇ ਲਈ ਰੂਪਰੇਖਾ ਤਿਆਰ ਕਰ ਲਈ ਹੈ ਤੇ ਹਰਿਆਣਾ ਸਰਕਾਰ ਨੂੰ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ।






