ਡੋਡਿਆਂ ਦੇ ਆਚਾਰ ਦੀ ਤਸਵੀਰ ਵੀ ਵਾਇਰਲ

ਜਲੰਧਰ, (ਸੋਨੂੰ ਸਹੋਤਾ) : ਪੰਜਾਬ ਸਰਕਾਰ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਕਾਰਵਾਈ ਕਰ ਰਹੀ ਪਰ ਇਸ ਦੇ ਬਾਵਜੂਦ ਨਸ਼ੇ ਦੇ ਕਾਰੋਬਾਰੀ ਆਪਣਾ ਕੰਮ ਜਾਰੀ ਰੱਖਣ ਲਈ ਨਵੇਂ ਰਾਹ ਅਖ਼ਤਿਆਰ ਕਰ ਰਹੇ ਹਨ। ਅਜਿਹਾ ਹੀ ਇਕ ਮਾਮਲਾ ਸੋਸ਼ਲ ਮੀਡੀਆ ‘ਤੇ ਚਰਚਿਤ ਹੈ। ਸੋਸ਼ਲ ਮੀਡੀਆ ‘ਤੇ ਨਸ਼ੇ ਦੇ ਕਥਿਤ ਕਾਰੋਬਾਰੀ ਵੱਲੋਂ ਡੋਡਿਆਂ ਅਤੇ ਅਫੀਮ ਦੇ ਮੁੱਲ ਦਾ ਜ਼ਿਕਰ ਕੀਤਾ ਗਿਆ ਹੈ। ਮੰਨਸੌਰ ਮੱਧ ਪ੍ਰਦੇਸ਼ ਦੇ ਨਾਂ ‘ਤੇ ਬਣੀ ਫੇਸਬੁੱਕ ਆਈਡੀ ‘ਤੇ ਅਫੀਮ ਅਤੇ ਡੋਡਿਆਂ ਦੇ ਮੁੱਲ ਦਾ ਸ਼ਰੇਆਮ ਜ਼ਿਕਰ ਵੇਖਣ ਨੂੰ ਮਿਲ ਰਿਹਾ ਹੈ। ਡੋਡਿਆਂ ਦੇ ਆਚਾਰ ਦੀ ਇਕ ਤਸਵੀਰ ਵੀ ਪਾਈ ਗਈ ਹੈ। ਉਕਤ ਆਈਡੀ ਦੀ ਫਰੈਂਡ ਲਿਸਟ ‘ਚ ਕਰੀਬ 1772 ਲੋਕ ਜੁੜੇ ਹੋਏ ਹਨ ਜਿਨ੍ਹਾਂ ਵਿਚ ਕੁਝ ਮੀਡੀਆ ਕਰਮੀ ਵੀ ਸ਼ਾਮਲ ਹਨ। ਆਈਡੀ ਚਾਲਕ ਵੱਲੋਂ ਨਸ਼ੇ ਦੇ ਰੇਟ ਦੱਸੇ ਜਾਣ ਤੋਂ ਬਾਅਦ ਕਈ ਲੋਕਾਂ ਵਲੋਂ ਉਸ ਨੂੰ ਸੰਪਰਕ ਕਰਨ ਲਈ ਆਪਣੇ ਫੋਨ ਨੰਬਰ ਦਿੱਤੇ ਗਏ ਹਨ, ਜਿਨ੍ਹਾਂ ਵਿਚ ਕਾਫੀ ਲੋਕ ਪੰਜਾਬ ਨਾਲ ਸਬੰਧਤ ਹਨ। ਇਨ੍ਹਾਂ ਦਾ ਨਸ਼ੇ ਦੇ ਕਾਰੋਬਾਰੀ ਨਾਲ ਸੰਪਰਕ ਹੋਇਆ ਜਾਂ ਨਹੀਂ ਇਹ ਤਾਂ ਵੱਖਰਾ ਵਿਸ਼ਾ ਹੈ, ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਲੋਕ ਅਜਿਹੀ ਆਈਡੀ ਜਿਸ ਵਿਚ ਗ਼ੈਰ-ਕਾਨੂੰਨੀ ਵਰਤਾਰਾ ਰਿਹਾ ਹੈ ਨਾਲ ਜੁੜੇ ਹੋਏ ਕਿਉਂ ਹਨ। ਅਜਿਹੇ ਵਿਚ ਮਾਮਲਾ ਉੱਚ ਪੱਧਰੀ ਜਾਂਚ ਦਾ ਵਿਸ਼ਾ ਹੈ। ਐਡਵੋਕੇਟ ਸੁਮੀਤ ਪਾਲ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਅਜਿਹੇ ਵਰਤਾਰੇ ‘ਤੇ ਆਈਟੀ ਅਤੇ ਐੱਨਡੀਪੀਐੱਸ ਐਕਟ ਤਹਿਤ ਕਾਰਵਾਈ ਕਰਨੀ ਬਣਦੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਮਾਮਲੇ ਦੀ ਜਾਂਚ ਕਰਕੇ ਪੇਜ਼ ਦੇ ਮਾਲਕ ਦੀ ਖੋਜ ਕਰਕੇ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪੇਜ ਨਾਲ ਜੁੜੇ ਵਿਅਕਤੀਆਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਕਿਤੇ ਉਹ ਗੈਰ ਕਾਨੂੰਨੀ ਧੰਦੇ ਨਾਲ ਜੁੜੇ ਹੋਏ ਤਾਂ ਨਹੀਂ ਹਨ।






