ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ’ਚ ਸਥਿਤ ਗੁਰਦੁਆਰਾ ਹੇਮਕੁੰਟ ਸਾਹਿਬ ਤੇ ਲੋਕਪਾਲ ਲਕਸ਼ਮਣ ਮੰਦਰ ਦੇ ਕਿਵਾਡ਼ ਐਤਵਾਰ ਨੂੰ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਖੋਲ੍ਹ ਦਿੱਤੇ ਗਏ। ਕਿਵਾਡ਼ ਖੁੱਲ੍ਹਣ ਮੌਕੇ 4760 ਸ਼ਰਧਾਲੂਆਂ ਨੇ ਪਵਿਤਰ ਸਰੋਵਰ ’ਚ ਇਸ਼ਨਾਨ ਕਰਕੇ ਹੇਮਕੁੰਟ ਸਾਹਿਬ ਵਿਖੇ ਮੱਥਾ ਟੇਕਿਆ। ਹੇਮਕੁੰਟ ਸਾਹਿਬ ’ਚ ਹੁਣ ਵੀ ਬਰਫ਼ ਦੀ ਚਾਦਰ ਵਿਛੀ ਹੋਈ ਹੈ।

ਕਿਵਾਡ਼ ਖੁੱਲ੍ਹਣ ਦੇ ਕ੍ਰਮ ’ਚ ਤਡ਼ਕੇ ਪੰਜ ਪਿਆਰਿਆਂ ਦੀ ਅਗਵਾਈ ’ਚ ਸ਼ਰਧਾਲੂਆਂ ਦਾ ਜੱਥਾ ਬੇਸ ਕੈਂਪ ਘਾਂਘਰੀਆ ਤੋਂ ਹੇਮਕੁੰਟ ਸਾਹਿਬ ਪੁੱਜਾ। ਸਵੇਰੇ 9:30 ਵਜੇ ਮੁੱਖ ਗ੍ਰੰਥੀ ਮਿਲਾਪ ਸਿੰਘ ਦੀ ਅਗਵਾਈ ਹੇਠ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦਰਬਾਰ ਸਾਹਿਬ ਲਿਆਂਦਾ ਗਿਆ। ਇਸ ਦੇ ਨਾਲ ਹੀ ਗੁਰਦੁਆਰੇ ਦੇ ਕਿਵਾਡ਼ ਖੋਲ੍ਹ ਦਿੱਤੇ ਗਏ। ਇਸ ਮੌਕੇ ਅਰਦਾਸ ਹੋਈ ਤੇ ਸ਼ਬਦ ਕੀਰਤਨ ਉਪਰੰਤ ਹੁਕਮਨਾਮਾ ਲਿਆ ਗਿਆ ਜਦਕਿ ਰਾਗੀ ਭਾਈ ਮੋਹਕਮ ਸਿੰਘ ਤੇ ਸਾਥੀਆਂ ਨੇ ਗੁਰਬਾਣੀ ਕੀਰਤਨ ਕੀਤਾ। ਰਿਵਾਇਤ ਅਨੁਸਾਰ ਗੁਰਦੁਆਰਾ ਸਾਹਿਬ ’ਚ ਨਿਸ਼ਾਨ ਸਾਹਿਬ ਦਾ ਚੋਲਾ ਵੀ ਬਦਲਿਆ ਗਿਆ ਉਧਰ ਹੇਮਕੁੰਟ ਸਾਹਿਬ ਦੇ ਨਾਲ ਹੀ ਸਵੇਰੇ ਨੌਂ ਵਜੇ ਹਜ਼ਾਰਾਂ ਸ਼ਰਧਾਲੂਆਂ ਦੀ ਮੌਜੂਦਗੀ ’ਚ ਲੋਕਪਾਲ ਲਕਸ਼ਮਣ ਮੰਦਰ ਦੇ ਕਿਵਾਡ਼ ਵੀ ਖੋਲ੍ਹ ਦਿੱਤੇ ਗਏ। ਇਹ ਮੰਦਰ ਹੇਮਕੁੰਟ ਸਰੋਵਰ ਦੇ ਕਿਨਾਰੇ ਗੁਰਦੁਆਰੇ ਤੋਂ 50 ਮੀਟਰ ਦੀ ਦੂਰੀ ’ਤੇ ਸਥਿਤ ਹੈ।






