ਕਰੋਨਾ ਨਾਲ ਲੜ੍ਹਨ ਵਿੱਚ ਸਾਹ ਪ੍ਰਕਿਰਿਆ, ਮੈਡੀਟੇਸ਼ਨ ਅਤੇ ਯੋਗ ਦੀ ਮਹੱਤਤਾ ਬਾਰੇ ਦਿੱਤੀ ਜਾਵੇਗੀ ਜਾਣਕਾਰੀ

ਮੋਗਾ (ਹੈਪੀ-ਹਰਪਾਲ) : ਕਰੋਨਾ ਮਹਾਂਮਾਰੀ ਨਾਲ ਲੜ੍ਹਨ ਵਿੱਚ ਸਾਹ ਪ੍ਰਕਿਰਿਆ, ਮੈਡੀਟੇਸ਼ਨ ਅਤੇ ਯੋਗ ਦੀ ਮਹੱਤਤਾ ਬਾਰੇ ਜਾਣਕਾਰੀ ਦੇਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਵਿਸ਼ੇਸ਼ ਆਨਲਾਈਨ ਕੋਵਿਡ ਕੇਅਰ ਪ੍ਰੋਗਰਾਮ ਦਾ ਆਯੋਜਨ 22, 23 ਅਤੇ 24 ਜੂਨ ਨੂੰ ਕਰਵਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਦੱਸਿਆ ਕਿ ਇਹ ਪ੍ਰੋਗਰਾਮ ਆਰਟ ਆਫ਼ ਲੀਵਿੰਗ ਦੇ ਸਹਿਯੋਗ ਨਾਲ ਬਿਲਕੁਲ ਮੁਫ਼ਤ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿਚ ਕਰੋਨਾ ਤੋਂ ਬਚਾਅ ਲਈ ਰੋਗਾਂ ਨਾਲ ਲੜ੍ਹਨ ਦੀ ਸ਼ਕਤੀ ਨੂੰ ਵਧਾਉਣ ਅਤੇ ਹੋਰ ਵਿਧੀਆਂ ਬਾਰੇ ਮਾਹਿਰ ਯੋਗ ਗੁਰੂ ਚਾਨਣਾ ਪਾਉਣਗੇ। ਇਹ ਪ੍ਰੋਗਰਾਮ ਸਿਹਤ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਕਰਵਾਇਆ ਜਾ ਰਿਹਾ ਹੈ। ਪ੍ਰਤੀਭਾਗੀਆਂ ਦੀ ਆਨਲਾਈਨ ਰਜਿਸਟ੍ਰੇਸ਼ਨ ਕੀਤੀ ਗਈ ਹੈ, ਜਿੰਨਾ ਦੇ ਅੱਗੇ 5 ਗਰੁੱਪ ਬਣਾਏ ਗਏ ਹਨ।
ਸ਼੍ਰੀ ਹੰਸ ਨੇ ਉਮੀਦ ਜਤਾਈ ਕਿ ਇਹ ਪ੍ਰੋਗਰਾਮ ਜ਼ਿਲ੍ਹਾ ਮੋਗਾ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਬਹੁਤ ਹੀ ਲਾਹੇਵੰਦ ਸਾਬਿਤ ਹੋਵੇਗਾ। ਉਹਨਾਂ ਅਪੀਲ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਹਿ ਨੂੰ ਸਫ਼ਲ ਕਰਨ ਲਈ ਹਰੇਕ ਜ਼ਿਲ੍ਹਾ ਵਾਸੀ ਨੂੰ ਸਹਿਯੋਗ ਕਰਨਾ ਚਾਹੀਦਾ ਹੈ।






