
ਸ੍ਰੀ ਮੁਕਤਸਰ ਸਾਹਿਬ, (ਪੱਤਰ ਪ੍ਰੇਰਕ) : ਬੱਚੇ ਖੁਸ਼ ਰਹਿਣ, ਚੰਗੀ ਪੜ੍ਹਾਈ ਕਰਨ ਅਤੇ ਉਨ੍ਹਾਂ ਨੂੰ ਦੁਨੀਆ ਦਾ ਹਰ ਸੁੱਖ ਮਿਲੇ, ਇਸ ਦੇ ਲਈ ਮਾਪੇ ਸਾਰੀ ਜ਼ਿੰਦਗੀ ਕੀ ਨਹੀਂ ਕਰਦੇ। ਮਾਪਿਆਂ ਦਾ ਇਕੋ ਇਕ ਸੁਪਨਾ ਆਪਣੇ ਬੱਚਿਆਂ ਨੂੰ ਖੁਸ਼ ਵੇਖਣਾ ਹੁੰਦਾ ਤੇ ਕਹਿੰਦੇ ਹਨ ਕਿ ਮਾਂ ਦੀ ਮਮਤਾ ਅਜਿਹੀ ਹੈ ਕਿ ਪੁੱਤ ਤਾਂ ਕਪੁੱਤ ਹੋ ਸਕਦਾ ਹੈ, ਪਰ ਮਾਂ ਕਦੇ ਕੁਮਾਤਾ ਨਹੀਂ ਹੋ ਸਕਦੀ, ਪਰ ਸਥਾਨਕ ਸ਼ਹਿਰ ਅੰਦਰ ਇਸ ਦੇ ਉਲਟ ਅਜਿਹਾ ਦ੍ਰਿਸ਼ ਵੇਖਿਆ ਗਿਆ, ਜਿਸ ਨੂੰ ਵੇਖ ਕੇ ਇਨਸਾਨੀਅਤ ਤਾਂ ਸ਼ਰਮਸ਼ਾਰ ਹੁੰਦੀ ਹੀ ਹੈ, ਨਾਲ ਹੀ ਅਜਿਹਾ ਵੇਖਕੇ ਹਰ ਕਿਸੇ ਦੀਆਂ ਅੱਖਾਂ ਨਮ ਜ਼ਰੂਰ ਹੋ ਰਹੀਆਂ ਹਨ। ਸਥਾਨਕ ਬੂੜਾ ਗੁੱਜਰ ਰੋਡ ‘ਤੇ ਇੱਕ ਬਜ਼ੁਰਗ ਬੀਬੀ, ਜੋ ਮਿੱਟੀ ਦੇ ਗਾਰੇ ਨਾਲ ਖੜ੍ਹੀਆਂ ਕੀਤੀਆਂ 2-2 ਫੁੱਟ ਦੀਆਂ ਕੰਧਾਂ ਦੇ ਸਹਾਰੇ ਆਪਣੇ ਦਿਨ ਕੱਟ ਰਹੀ ਹੈ, ਦੀ ਹਾਲਤ ਹੁਣ ਇਹ ਹੋ ਰਹੀ ਹੈ ਕਿ ਇਸ ਬੀਬੀ ਦੇ ਸਰੀਰ ‘ਚ ਕੀੜੇ ਪੈਣੇ ਸ਼ੁਰੂ ਹੋ ਗਏ ਹਨ। ਭਾਵੇਂ ਕਿ ਇਕ ਸਮਾਜਸੇਵੀ ਸੰਸਥਾ ਵਲੋਂ ਇਸ ਬਜ਼ੁਰਗ ਬੀਬੀ ਨੂੰ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਾ ਦਿੱਤਾ ਗਿਆ ਹੈ, ਪਰ ਜੇਕਰ ਇਸ ਦੇ ਪਿੱਛੇ ਦੀ ਸੱਚਾਈ ਵੇਖੀਏ ਤਾਂ ਕਲਯੁੱਗ ਦਾ ਅਹਿਸਾਸ ਜ਼ਰੂਰ ਹੁੰਦਾ ਹੈ। ਇਸ ਬਜ਼ੁਰਗ ਬੀਬੀ ਦੇ ਪੁੱਤਰ ਵੱਡੇ ਅਹੁਦਿਆਂ ‘ਤੇ ਤਾਇਨਾਤ ਹਨ। ਇਕ ਸਰਕਾਰੀ ਨੌਕਰੀ ਕਰਦਾ ਹੈ ਤੇ ਦੂਜਾ ਲੀਡਰ ਹੈ, ਜਿਨ੍ਹਾਂ ਦੀ ਵਿਚਾਰੀ ਮਾਂ ਅੱਜ ਸੜਕਾਂ ‘ਤੇ ਰੁਲ ਰਹੀ ਹੈ ਤੇ ਕੋਈ ਉਸਦੀ ਸਾਰ ਲੈਣ ਵਾਲਾ ਨਹੀਂ ਹੈ।ਉਕਤ ਗਲੀ ‘ਚ ਖ਼ਾਲੀ ਪਏ ਪਲਾਟ ‘ਚ ਦੋਵੇਂ ਪਾਸਿਓਂ ਕਰੀਬ 2-2 ਫੁੱਟੀਆਂ ਮਿੱਟੀ ਦੇ ਗਾਰੇ ਨਾਲ ਕੱਢੀਆਂ ਕੰਧਾਂ ‘ਤੇ ਉਪਰੋਂ ਪਲਾਈ ਦੇ ਟੁਕੜੇ ਰੱਖ ਕੇ ਬਣਾਈ ਛੱਤ ਤੇ ਇਨ੍ਹਾਂ ਕੰਧਾਂ ਦੇ ਵਿਚਕਾਰ ਪਈ ਬਜ਼ੁਰਗ ਮਾਤਾ ਹੌਂਕੇ ਲੈ ਰਹੀ ਸੀ।
ਸੁਸਾਇਟੀ ਵਲੋਂ ਇਸ ਬੀਬੀ ਨੂੰ ਸਰਕਾਰੀ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਮੁੱਢਲੀ ਸਹਾਇਤਾ ਤੋਂ ਬਾਅਦ ਇਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਇਸ ਦਰਮਿਆਨ ਹੀ ਸੂਚਨਾ ਇਸ ਬਜ਼ੁਰਗ ਬੀਬੀ ਦੇ ਪੁੱਤਰ ਨੂੰ ਦਿੱਤੀ ਗਈ ਤੇ ਫਿਰ ਲੋਕਾਂ ਨੇ ਉਸਨੂੰ ਲਾਹਨਤਾਂ ਵੀ ਪਾਈਆਂ। ਸਰਕਾਰੀ ਹਸਪਤਾਲ ਵਿਚ ਪਹੁੰਚਿਆ ਬਜ਼ੁਰਗ ਮਾਤਾ ਦਾ ਪੁੱਤ ਕੈਮਰੇ ਦੀ ਅੱਖ ਤੋਂ ਬਚਦਾ ਰਿਹਾ ਅਤੇ ਜਦ ਡਾਕਟਰਾਂ ਨੇ ਫਰੀਦਕੋਟ ਰੈਫਰ ਕੀਤਾ ਤਾਂ ਹਾਲਾਤ ਵੇਖ ਉਹ ਬਜ਼ੁਰਗ ਦੇ ਨਾਲ ਇਲਾਜ ਲਈ ਫਰੀਦਕੋਟ ਗਿਆ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮਾਤਾ ਦਾ ਇੱਕ ਪੁੱਤਰ ਜਿੱਥੇ ਇੱਕ ਨਵੀਂ ਬਣੀ ਰਾਜਸੀ ਪਾਰਟੀ ਦਾ ਆਗੂ ਹੈ, ਉੱਥੇ ਇੱਕ ਪੁੱਤਰ ਸਰਕਾਰੀ ਨੌਕਰੀ ‘ਤੇ ਹੈ। ਉੱਥੇ ਹੀ ਮਾਤਾ ਦੀ ਪੋਤਰੀ ਵੀ.ਪੀ.ਸੀ.ਐੱਸ. ਅਫ਼ਸਰ ਹੈ। ਮਾਤਾ ਦੀ ਸਾਂਭ-ਸੰਭਾਲ ਲਈ ਕਥਿਤ ਤੌਰ ‘ਤੇ ਇਨ੍ਹਾਂ ਮਾਤਾ ਕਿਸੇ ਵਿਅਕਤੀ ਦੇ ਘਰ ‘ਚ ਛੱਡੀ ਹੋਈ ਸੀ ਅਤੇ ਉਹ ਵਿਅਕਤੀ ਇਸ ਤਰ੍ਹਾਂ ਖਾਲੀ ਪਲਾਟ ਵਿਚ ਮਾਤਾ ਨੂੰ ਰੱਖ ਰਿਹਾ ਸੀ।






