ਸੈਕਰਾਮੈਂਟੋ 5 ਅਪ੍ਰੈਲ (ਹੁਸਨ ਲੜੋਆ ਬੰਗਾ)- ਪੁਲਿਸ ਨੇ ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਵਿਚ ਬੀਤੇ ਦਿਨ ਤੜਕਸਾਰ ਹੋਈ ਗੋਲੀਬਾਰੀ ਜਿਸ ਵਿਚ 6 ਲੋਕ ਮਾਰੇ ਗਏ ਸਨ ਤੇ 12 ਹੋਰ ਜਖਮੀ ਹੋਏ ਸਨ, ਦੇ ਮਾਮਲੇ ਵਿਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਕਿਹਾ ਹੈ ਕਿ ਇਸ ਮਾਮਲੇ ਵਿਚ ਹੋਰ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਹੈ। ਸੈਕਰਾਮੈਂਟੋ ਪੁਲਿਸ ਨੇ ਕਿਹਾ ਹੈ ਕਿ ਡੰਡਰੇ ਮਾਰਟਿਨ (26) ਨੂੰ ਹਿਰਾਸਤ ਵਿਚ ਲੈ ਕੇ ਉਸ ਵਿਰੁੱਧ ਖਤਰਨਾਕ ਹਥਿਆਰ ਨਾਲ ਹਮਲਾ ਕਰਨ ਤੇ ਆਪਣੇ ਕੋਲ ਗੈਰਕਾਨੂੰਨੀ ਹਥਿਆਰ ਰਖਣ ਦੇ ਦੋਸ਼ ਲਾਏ ਗਏ ਹਨ। ਪੁਲਿਸ ਅਨੁਸਾਰ ਸੈਕਰਾਮੈਂਟੋ ਦੇ ਅੰਦਰਲੇ ਇਲਾਕੇ ਵਿਚ ਵਾਪਰੀ ਘਟਨਾ ਵਿਚ 100 ਤੋਂ ਵਧ ਗੋਲੀਆਂ ਚਲਾਈਆਂ ਗਈਆਂ। ਪੁਲਿਸ ਨੇ ਖੇਤਰ ਵਿਚਲੇ ਤਿੰਨ ਘਰਾਂ ਦੀ ਤਲਾਸ਼ੀ ਵੀ ਲਈ ਹੈ ਜਿਸ ਦੌਰਾਨ ਇਕ ਹੈਂਡਗੰਨ ਬਰਾਮਦ ਹੋਈ ਹੈ। ਪੁਲਿਸ ਨੇ ਕਿਹਾ ਹੈ ਕਿ ਮਾਰੇ ਗਏ ਲੋਕਾਂ ਦੀ ਪਛਾਣ ਹੋ ਗਈ ਹੈ । ਘਟਨਾ ਵਿਚ ਮਾਰੀਆਂ ਗਈਆਂ ਤਿੰਨ ਔਰਤਾਂ ਵਿਚ ਜੌਹਨਟਾਇਆ ਅਲੈਗਜੰਡਰ (21), ਮੇਲਿੰਡਾ ਡੇਵਿਸ (57) ਤੇ ਯਾਮੀਲ ਮਾਰਟਿਨਡ-ਅੰਡਰੇਡ (21) ਸ਼ਾਮਲ ਹਨ। ਮਾਰੇ ਗਏ 3 ਮਰਦਾਂ ਵਿਚ ਸਰਗੀਓ ਹੈਰਿਸ (38), ਜੋਸ਼ੂਆ ਹੋਇ ਲੂਚੈਸੀ (32) ਤੇ ਡੇਵਾਜ਼ੀਆ ਟਰਨਰ (29) ਸ਼ਾਮਿਲ ਹਨ। ਪੁਲਿਸ ਨੇ ਕਿਹਾ ਹੈ ਕਿ ਗੋਲੀਬਾਰੀ ਦੇ ਸੰਭਾਵੀ ਮਕਸਦ ਦਾ ਪਤਾ ਨਹੀਂ ਲੱਗਾ ਹੈ ਪਰੰਤੂ ਗੋਲੀਬਾਰੀ ਤੋਂ ਪਹਿਲਾਂ ਕੁਝ ਲੋਕਾਂ ਵਿਚਾਲੇ ਤਕਰਾਰ ਵੀ ਹੋਈ। ਇਹ ਤਕਰਾਰ ਤੋਂ ਬਾਅਦ ਅਚਨਚੇਤ ਵਾਪਰੀ ਘਟਨਾ ਵੀ ਹੋ ਸਕਦੀ ਹੈ।






