
ਮਾਨਸਾ, 8 ਅਕਤੂਬਰ: (ਗੁਰਜੰਟ ਸਿੰਘ ਬਾਜੇਵਾਲੀਆ ) ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਹਰ ਮਹਿਕਮੇ ਦਾ ਮੁਲਾਜ਼ਮ ਆਪਣੀਆਂ ਹੱਕੀ ਮੰਗਾਂ ਪੇਅ ਕਮੀਸ਼ਨ ਦੀ ਵਧੀ ਹੋਈ ਰਿਪੋਰਟ ਅਤੇ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਸੂਬੇ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲ ਵੇਖ ਰਹੇ ਹਨ, ਭਾਵੇਂ ਉਨ੍ਹਾਂ ਨੇ ਪੰਜਾਬ ਰਾਜ ਦੀ ਵਾਂਗਡੋਰ ਸੰਭਾਲਦਿਆਂ ਮੀਡੀਆ ਵਿੱਚ ਆਪਣੀ ਸਟੇਟਮੈਂਟ ਦੇ ਦਿੱਤੀ ਸੀ, ਕਿ ਉਹ ਮੁਲਾਜ਼ਮਾਂ ਦੇ ਹਰ ਮਸਲੇ ਪਹਿਲ ਦੇ ਅਧਾਰ ਤੇ ਹੱਲ ਕਰਨਗੇ, ਪਰ ਉਹ ਵੀ ਪਹਿਲਾਂ ਦੀ ਹਕੂਮਤ ਦੀ ਤਰ੍ਹਾਂ ਹਾਲੇ ਤੱਕ ਆਪਣਾ ਸਮਾਂ ਹੀ ਲੰਘਾ ਰਹੇ ਹਨ। ਜਿਸ ਨੂੰ ਕਰੜੇ ਹੱਥੀਂ ਲੈਂਦਿਆਂ ਪੰਜਾਬ ਰਾਜ ਅਧਿਆਪਕ ਗੱਠਜੋੜ ਨੇ 17 ਅਕਤੂਬਰ ਨੂੰ ਚਮਕੌਰ ਸਾਹਿਬ ਵਿਖੇ ਮੁੱਖ ਮੰਤਰੀ ਪੰਜਾਬ ਦੇ ਹਲਕੇ ਵਿੱਚ ਇੱਕ ਵਿਸ਼ਾਲ ਸੂਬਾ ਪੱਧਰੀ ਮਹਾਂ ਰੋਸ ਰੈਲੀ ਦਾ ਐਲਾਨ ਕਰ ਦਿੱਤਾ ਹੈ। ਜਾਣਕਾਰੀ ਦਿੰਦਿਆਂ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਕੁਮਾਰ ਬੁਢਲਾਡਾ ਨੇ ਦੱਸਿਆ ਕਿ ਜੇਕਰ 15 ਅਕਤੂਬਰ ਤੱਕ ਪੰਜਾਬ ਸਰਕਾਰ ਵੱਲੋਂ 24 ਕੈਟਾਗਿਰੀ ਅਧੀਨ ਅਧਿਆਪਕ ਵਰਗ ਤੇ ਨਰਸਿੰਗ ਕੈਟਾਗਿਰੀ ਦੀਆਂ ਮੰਗਾਂ ਦੀ ਪ੍ਰਾਪਤੀ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾਂਦਾ, ਤਾਂ 17 ਅਕਤੂਬਰ ਤੋਂ ਚਮਕੌਰ ਸਾਹਿਬ ਵਿਖੇ ਪੱਕੇ ਮੋਰਚੇ ਦਾ ਵੀ ਐਲਾਨ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ 22 ਜੁਲਾਈ ਨੂੰ ਪੰਜਾਬ ਸਰਕਾਰ ਦੀ ਮੁਲਾਜ਼ਮ ਕਮੇਟੀ ਨਾਲ ਪੰਜਾਬ ਭਵਨ ਤੇ ਫਿਰ 8 ਸਤੰਬਰ ਨੂੰ ਉਸ ਸਮੇਂ ਦੇ ਮੁੱਖ ਮੰਤਰੀ ਪੰਜਾਬ ਦੇ ਪ੍ਰਮੁੱਖ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਤੇ ਹੋਰ ਉੱਚ ਅਧਿਕਾਰੀਆਂ ਨਾਲ ਗੱਠਜੋੜ ਦੀ ਚੰਡੀਗੜ੍ਹ ਸਕੱਤਰੇਤ ਵਿਖੇ ਮੀਟਿੰਗ ਹੋਈ ਸੀ, ਪਰ ਹਰ ਵਾਰ ਉਨ੍ਹਾਂ ਨੂੰ ਝੂਠੇ ਲਾਰੇ ਹੀ ਮਿਲੇ ਹਨ। ਪਿਛਲੇ ਸਮੇਂ ਉਨ੍ਹਾਂ ਨੇ 3 ਅਕਤੂਬਰ ਨੂੰ ਮੁੱਖ ਮੰਤਰੀ ਦੇ ਸ਼ਹਿਰ ਖਰੜ ‘ਚ ਪੰਜਾਬ ਰਾਜ ਅਧਿਆਪਕ ਗੱਠਜੋੜ ਦੀ ਅਗਵਾਈ ਹੇਠ ਪੰਜਾਬ ਦੇ ਹਜ਼ਾਰਾਂ ਅਧਿਆਪਕਾਂ ਵੱਲੋਂ ਸੰਕੇਤਕ ਧਰਨਾ ਦੇਣ ਦਾ ਵੀ ਐਲਾਨ ਕੀਤਾ ਸੀ, ਜਿਸ ਤਹਿਤ 28 ਸਤੰਬਰ ਨੂੰ ਮੁੱਖ ਮੰਤਰੀ ਪੰਜਾਬ ਦੇ ਪ੍ਰਿੰਸੀਪਲ ਸਕੱਤਰ ਵੱਲੋਂ ਪੰਜਾਬ ਭਵਨ ਚੰਡੀਗੜ੍ਹ ਵਿਖੇ ਗੱਠਜੋੜ ਦੇ ਆਗੂਆਂ ਨਾਲ ਅਹਿਮ ਮੀਟਿੰਗ ਕੀਤੀ ਗਈ ਸੀ, ਪਰ ਹਾਲੇ ਤੱਕ ਉਨ੍ਹਾਂ ਦਾ ਮਸਲਾ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਹ 2006 ਦੇ ਪੇਅ ਕਮੀਸ਼ਨ ਤਹਿਤ ਅਕਤੂਬਰ 2011 ਵਿੱਚ ਪੇਅ ਸਕੇਲ ‘ਚ ਸਰਕਾਰ ਤੋਂ ਹੋਈ ਟੈਕਨੀਕਲ ਗਲਤੀ ਦੇ ਅਧਾਰ ਤੇ ਵੱਧ ਗੁਣਾਂਕ ਤੇ ਪੇਅ ਕਮੀਸ਼ਨ, ਸਾਰਾ ਬਕਾਇਆ ਅਤੇ ਪੁਰਾਣੀ ਪੈਨਸ਼ਨ ਹਰ ਹਾਲਤ ਵਿੱਚ ਲੈ ਕੇ ਹੀ ਰਹਿਣਗੇ।
ਇਸ ਮੌਕੇ ਜੰਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਖੁਸ਼ਵਿੰਦਰ ਸਿੰਘ ਬਰਾੜ, ਸੀਨੀਅਰ ਮੀਤ ਪ੍ਰਧਾਨ ਦਿਨੇਸ਼ ਰਿਸ਼ੀ, ਸ੍ਰਪਰਸਤ ਮੈਡਮ ਹਰਪਾਲ ਕੌਰ, ਮਰਨ ਵਰਤ ਤੇ ਬੈਠੇ ਜੁਝਾਰੂ ਆਗੂ ਲਖਵੀਰ ਸਿੰਘ ਬੋਹਾ, ਮੀਤ ਪ੍ਰਧਾਨ ਇੰਦਰਜੀਤ ਸਿੰਘ ਮਾਨਸਾ, ਭਰਤ ਭੂਸ਼ਣ, ਜਸਵੀਰ ਸਿੰਘ ਗੁਰਨੇ, ਤਰਸੇਮ ਸਿੰਘ ਬੋੜਾਵਾਲ, ਜਗਪਾਲ ਸਿੰਘ ਮਲਕਪੁਰ ਭੀਮੜਾ, ਮੱਘਰ ਸਿੰਘ ਰਿਉਂਦ ਕਲਾਂ, ਅਨਿਲ ਕੁਮਾਰ ਜੈਨ, ਗੁਰਵਿੰਦਰ ਸਿੰਘ ਮਠਾੜੂ, ਦਰਸ਼ਨ ਸਿੰਘ ਰਾਮਨਗਰ, ਬਚਿੱਤਰ ਸਿੰਘ ਝੁਨੀਰ, ਜਨਕ ਰਾਜ, ਜਸਵੀਰ ਸਿੰਘ ਸਤੀਕੇ, ਮਹਿੰਦਰ ਪਾਲ ਬਰੇਟਾ, ਸੰਜੀਵ ਕੁਮਾਰ, ਵਿਜੈ ਮਿੱਤਲ, ਗੁਰਦੀਪ ਟਾਹਲੀਆਂ, ਗੁਰਿੰਦਰ ਸਿੰਘ ਰਾਮਨਗਰ, ਸ਼ੰਕਰ ਲਾਲ ਆਦਿ ਆਗੂਆਂ ਨੇ ਕਿਹਾ ਕਿ ਉਹ ਆਪਣੀਆਂ ਹੱਕੀ ਮੰਗਾਂ ਲਈ ਪਿੱਛੇ ਨਹੀਂ ਰਹਿਣਗੇ।





