ਖੰਨਾ (ਪਰਮਜੀਤ ਸਿੰਘ ਧੀਮਾਨ)- ਅੱਜ ਦੇਰ ਸ਼ਾਮ ਜ਼ਿਲਾ ਖੰਨਾ ਪੁਲਸ ਹੈਡਕੁਆਟਰ ਵਿਖੇ ਐਸ. ਐਸ. ਪੀ. ਰਵੀ ਕੁਮਾਰ ਨੇ ਪ੍ਰੈਸ ਕਾਨਫਰੰਸ ਦੌਰਾਨ ਦਾਅਵਾ ਕੀਤਾ ਕਿ ਖੰਨਾ ਪੁਲਸ ਨੇ ਪਿੰਡ ਚਣਕੌਈਆਂ ਖੁਰਦ ਵਿਚ ਵੀਰਵਾਰ ਨੂੰ ਕਿਸਾਨ ਜਗਦੇਵ ਸਿੰਘ ਦਾ ਬੇਰਹਿਮੀ ਨਾਲ ਕੀਤੇ ਗਏ ਅੰਨ੍ਹੇ ਕਤਲ ਦੀ ਗੁੱਥਂ ਨੂੰ ਬਹੁਤ ਹੀ ਘੱਟ ਸਮੇਂ ਵਿਚ ਸੁਲਝਾ ਲਿਆ ਹੈ। ਉਨ੍ਹਾਂ ਦੱਸਿਆ ਕਿ 08 ਜੁਲਾਈ ਨੂੰ ਅਣਪਛਾਤੇ ਵਿਅਕਤੀਆਂ ਵੱਲੋ ਉਕਤ ਜਗਦੇਵ ਸਿੰਘ ਦੇ ਡੰਗਰਾਂ ਵਾਲੇ ਘਰ ਵਿਚ ਤੇਜਧਾਰ ਹੱਥਿਆਰ ਨਾਲ ਉਸ ਦੇ ਸਿਰ ਅਤੇ ਸਰੀਰ ਦੇ ਵੱਖ-ਵੱਖ ਅੰਗਾਂ ’ਤੇ ਵਾਰ ਕਰਕੇ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ, ਜਿਸ ’ਤੇ ਥਾਣਾ ਦੋਰਾਹਾ ਪੁਲਸ ਨੇ ਮ੍ਰਿਤਕ ਦੇ ਪੁੱਤਰ ਜਸਵਿੰਦਰ ਸਿੰਘ ਉਰਫ਼ ਜੱਸੀ ਦੇ ਬਿਆਨਾਂ ’ਤੇ ਭਾਰਤੀ ਦੰਡਾਵਲੀ ਦੀ ਧਾਰਾ 302, 452 ਤਹਿਤ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਇਸ ਬੇਰਹਿਮੀ ਨਾਲ ਕੀਤੇ ਗਏ ਅੰਨ੍ਹੇ ਕਤਲ ਨੂੰ ਟਰੇਸ ਕਰਨ ਲਈ ਐਸ. ਪੀ. (ਆਈ.) ਅਮਨਦੀਪ ਸਿੰਘ ਬਰਾੜ ਦੀ ਨਿਗਰਾਨੀ ਹੇਠਾਂ ਟੀਮ ਗਠਿਤ ਕੀਤੀ ਗਈ, ਜਿਸ ਵਿਚ ਡੀ. ਐਸ. ਪੀ. ਖੰਨਾ ਮਨਜੀਤ ਸਿੰਘ, ਡੀ. ਐਸ. ਪੀ. ਪਾਇਲ ਹਰਵਿੰਦਰ ਸਿੰਘ ਖਹਿਰਾ, ਸੀਆਈਏ ਸਟਾਫ਼ ਖੰਨਾ ਦੇ ਇੰਚਾਰਜ ਇੰਸਪੈਕਟਰ ਵਿਨੋਦ ਕੁਮਾਰ, ਇੰਚਾਰਜ ਟੈਕਨੀਕਲ ਸੈਲ ਖੰਨਾ, ਇੰਚਾਰਜ ਸ਼ਪੈਸ਼ਲ ਬਰਾਂਚ ਖੰਨਾ ਅਤੇ ਥਾਣਾ ਦੋਰਾਹਾ ਦੇ ਐਸ. ਐਚ. ਓ. ਥਾਣੇਦਾਰ ਲਖਵੀਰ ਸਿੰਘ ਵੱਲੋ ਬੜੀ ਹੀ ਬਰੀਕੀ, ਡੂੰਘਾਈ ਅਤੇ ਤਕੀਨੀਕੀ ਢੰਗ ਨਾਲ ਤਫਤੀਸ਼ ਕਰਦੇ ਹੋਏ ਉਕਤ ਮਾਮਲੇ ਨੂੰ ਹੱਲ ਕਰ ਲਿਆ ਹੈ
ਐਸ. ਐਸ. ਪੀ. ਰਵੀ ਕੁਮਾਰ ਨੇ ਅੱਗੇ ਦੱਸਿਆ ਕਿ ਪੁਲਸ ਜਾਂਚ ਦੌਰਾਨ ਇਹ ਤੱਥ ਸਾਹਮਣੇ ਆਏ ਹਨ ਕਿ ਕਿ 08 ਜੁਲਾਈ ਨੂੰ ਮ੍ਰਿਤਕ ਜਗਦੇਵ ਸਿੰਘ ਦੇ ਵੱਡੇ ਲੜਕੇ ਜਸਵਿੰਦਰ ਸਿੰਘ ਉਰਫ ਜੱਸੀ ਨੇ ਹੀ ਆਪਣੇ ਪਿਤਾ ਦਾ ਕਤਲ ਕੀਤਾ ਸੀ। ਉਨ੍ਹਾਂ ਕਿਹਾ ਕਿ ਖੰਨਾ ਪੁਲਸ ਵੱਲੋਂ ਬਹੁਤ ਹੀ ਮੁਸਤੈਦੀ ਅਤੇ ਬਰੀਕੀ ਨਾਲ ਇਸ ਅੰਨ੍ਹੇ ਕਤਲ ਦੀ ਗੁੱਥੀ ਨੂੰ ਥੋੜੇ ਸਮੇਂ ਵਿਚ ਹੀ ਸੁਲਝਾ ਲਿਆ ਗਿਆ ਹੈ ਅਤੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਤਲ ਪਿੱਛੇ ਹੋਰ ਕਿਸ-ਕਿਸ ਵਿਅਕਤੀ ਦਾ ਰੋਲ ਹੈ। ਇਸ ਮੌਕੇ ਐਸ. ਪੀ. (ਆਈ.) ਅਮਨਦੀਪ ਸਿੰਘ ਬਰਾੜ, ਐਸ. ਪੀ. ਦਿਗਵਿਜੇ ਕਪਿਲ, ਡੀਐਸਪੀ ਹਰਵਿੰਦਰ ਸਿੰਘ ਖਹਿਰਾ ਆਦਿ ਹਾਜ਼ਰ ਸਨ।



