ਨਵੀਨ ਤਕਨੀਕਾਂ ਨਾਲ ਜੋੜ ਕੇ ਉਤਪਾਦਨ ਅਤੇ ਰੋਜ਼ਗਾਰ ਦੇ ਮੌਕੇ ਵਧਾਉਣ ਦਾ ਟੀਚਾ
ਘੱਟ ਜ਼ਮੀਨ ਅਤੇ ਪਾਣੀ ਦੀ ਵਰਤੋਂ ਨਾਲ ਵੀ ਪਾਲੀ ਜਾ ਸਕੇਗੀ ਮੱਛੀ
ਭਾਗ ਸਿਨੇਮੇ ਕੋਲ ਲੱਗਣ ਵਾਲੀ ਮੱਛੀ ਮੰਡੀ ਨੂੰ ਮੀਟ ਮੰਡੀ ਦੇ ਨਾਲ ਸ਼ਿਫਟ ਕੀਤਾ ਜਾਵੇਗਾ – ਡਿਪਟੀ ਕਮਿਸ਼ਨਰ

ਮੋਗਾ (ਹਰਪਾਲ ਸਹਾਰਨ) : ਦੇਸ਼ ਵਿਚ ਮੱਛੀ ਪਾਲਣ ਦੇ ਕਿੱਤੇ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ ਲਿਆਂਦੀ ਗਈ ਹੈ, ਜੌ ਕਿ ਦੇਸ਼ ਵਿਚ ਨੀਲੀ ਕ੍ਰਾਂਤੀ ਲਿਉਣ ਲਈ ਠੋਸ ਕਦਮ ਸਾਬਿਤ ਹੋਵੇਗੀ। ਸੂਬਾ ਸਰਕਾਰਾਂ ਦੇ ਸਹਿਯੋਗ ਇਸ ਯੋਜਨਾ ਨੂੰ ਪੂਰੇ ਦੇਸ਼ ਵਿੱਚ ਲਾਗੂ ਕੀਤਾ ਜਾ ਰਿਹਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਜ਼ਿਲ੍ਹਾ ਪੱਧਰੀ ਕਮੇਟੀ ਦੀ ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਹੋਈ ਮੀਟਿੰਗ ਦੌਰਾਨ ਕੀਤਾ ਗਿਆ। ਮੀਟਿੰਗ ਦੌਰਾਨ ਇਸ ਯੋਜਨਾ ਨੂੰ ਜ਼ਿਲ੍ਹਾ ਮੋਗਾ ਵਿੱਚ ਲਾਗੂ ਕਰਨ ਲਈ ਐਕਸ਼ਨ ਪਲਾਨ ਉੱਤੇ ਚਰਚਾ ਕੀਤੀ ਗਈ।
ਇਸ ਯੋਜਨਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਮੱਛੀ ਪਾਲਣ ਵਿਭਾਗ ਦੇ ਸਹਾਇਕ ਪ੍ਰੋਜੈਕਟ ਅਫ਼ਸਰ ਸ੍ਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਯੋਜਨਾ ਪੰਜ ਸਾਲ ਲਈ ਲਿਆਂਦੀ ਗਈ ਹੈ, ਜਿਸ ਦਾ ਮੁੱਖ ਮਕਸਦ ਕਿਸਾਨਾਂ ਨੂੰ ਮੱਛੀ ਪਾਲਣ ਸਹਾਇਕ ਧੰਦੇ ਨਾਲ ਜੋੜਨਾ ਹੈ। ਇਸ ਯੋਜਨਾ ਅਧੀਨ ਮੱਛੀ ਪਾਲਣ ਲਈ ਨਵੀਨ ਤਕਨੀਕਾਂ ਦਾ ਵਿਸਤਾਰ ਕੀਤਾ ਜਾਣਾ ਹੈ। ਇਸ ਯੋਜਨਾ ਨੂੰ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਵੱਲੋਂ ਸਾਂਝੇ ਤੌਰ ਉੱਤੇ ਚਲਾਇਆ ਜਾਵੇਗਾ।
ਉਹਨਾਂ ਦੱਸਿਆ ਕਿ ਇਸ ਯੋਜਨਾ ਅਧੀਨ ਕਿਸਾਨ ਨੂੰ ਮੱਛੀਆਂ ਪਾਲਣ ਲਈ 7 ਲੱਖ ਰੁਪਏ ਦੀ ਲਾਗਤ ਨਾਲ ਟੋਭਾ ਪੁੱਟਣਾ ਹੋਵੇਗਾ। ਇਸੇ ਤਰ੍ਹਾਂ ਘੱਟ ਜ਼ਮੀਨ ਅਤੇ ਘੱਟ ਪਾਣੀ ਦੀ ਵਰਤੋਂ ਨਾਲ ਮੱਛੀ ਪਾਲਣ ਵੱਲ ਕਿਸਾਨਾਂ ਨੂੰ ਤੋਰਨ ਲਈ ਨਵੀਂ ਵਿਧੀਆਂ ਵਿਕਸਤ ਕੀਤੀਆਂ ਜਾ ਸਕਦੀਆਂ ਹਨ। ਅਜਿਹੇ ਇੱਕ ਯੂਨਿਟ ਉੱਤੇ 7.50 ਲੱਖ ਰੁਪਏ ਦੀ ਲਾਗਤ ਆਉਂਦੀ ਹੈ। ਇਸ ਤੋਂ ਇਲਾਵਾ ਤਿਆਰ ਮੱਛੀ ਨੂੰ ਗਾਹਕਾਂ ਤੱਕ ਪਹੁੰਚਾਉਣ ਲਈ ਨੌਜਵਾਨਾਂ ਨੂੰ 75 ਹਜ਼ਾਰ ਰੁਪਏ ਦੀ ਲਾਗਤ ਨਾਲ ਮੋਟਰਸਾਈਕਲ ਅਤੇ 10 ਹਜ਼ਾਰ ਰੁਪਏ ਦੀ ਲਾਗਤ ਨਾਲ ਸਾਈਕਲ ਵੀ ਦਿਵਾਏ ਜਾਣਗੇ।
ਉਹਨਾਂ ਦੱਸਿਆ ਕਿ ਇਹਨਾਂ ਸਾਰੇ ਨਿਵੇਸ਼ਾਂ ਉੱਤੇ ਸਰਕਾਰ ਵੱਲੋਂ ਜਨਰਲ ਵਰਗ ਲਈ 40 ਫੀਸਦੀ, ਐੱਸ ਸੀ ਐੱਸ ਟੀ ਅਤੇ ਔਰਤਾਂ ਲਈ 60 ਫੀਸਦੀ ਸਬਸਿਡੀ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਇਹ ਯੋਜਨਾ ਹਰਿਆਣਾ ਵਿੱਚ ਬਹੁਤ ਹੀ ਸਫ਼ਲਤਾ ਪੂਰਵਕ ਚੱਲ ਰਹੀ ਹੈ। ਹਰਿਆਣਾ ਮਾਡਲ ਬਾਰੇ ਕਿਸਾਨਾਂ ਨੂੰ ਜਾਣੂ ਕਰਾਉਣ ਲਈ ਉਥੇ ਦੀ ਵਿਜਿਟ ਕਰਵਾਈ ਜਾਵੇਗੀ।
ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਇਸ ਯੋਜਨਾ ਨੂੰ ਜ਼ਿਲ੍ਹਾ ਮੋਗਾ ਵਿੱਚ ਪੂਰੀ ਤਰ੍ਹਾਂ ਲਾਗੂ ਕਰਨ ਬਾਰੇ ਕਿਹਾ ਕਿ ਇਸ ਯੋਜਨਾ ਦਾ ਕਿਸਾਨਾਂ ਨੂੰ ਵੱਧ ਤੋਂ ਵੱਧ ਲਾਭ ਦਿਵਾਇਆ ਜਾਵੇਗਾ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜੀ ਦੇ ਨਾਲ ਨਾਲ ਮੱਛੀ ਪਾਲਣ ਵਰਗੇ ਸਹਾਇਕ ਧੰਦਿਆਂ ਵੱਲ ਵੀ ਤੁਰਨ। ਆਮਦਨੀ ਵਧਾਉਣ ਲਈ ਇਹ ਸਹਾਇਕ ਧੰਦੇ ਬਹੁਤ ਹੀ ਲਾਹੇਵੰਦ ਸਾਬਿਤ ਹੋ ਸਕਦੇ ਹਨ। ਉਹਨਾਂ ਕਿਹਾ ਕਿ ਇਸ ਯੋਜਨਾ ਨਾਲ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਵੀ ਮਿਲਣਗੇ।
ਸ਼ਹਿਰ ਮੋਗਾ ਵਿੱਚ ਮੱਛੀ ਮੰਡੀ ਲਈ ਪੱਕੀ ਜਗ੍ਹਾ ਨਿਸਚਤ ਕਰਨ ਦੀ ਗੱਲ ਦੁਹਰਾਉਂਦਿਆਂ ਸ਼੍ਰੀ ਹੰਸ ਨੇ ਕਿਹਾ ਕਿ ਜਲਦ ਹੀ ਨਗਰ ਨਿਗਮ ਨਾਲ ਗੱਲ ਕਰਕੇ ਭਾਗ ਸਿਨੇਮੇ ਕੋਲ ਲੱਗਣ ਵਾਲੀ ਮੱਛੀ ਮੰਡੀ ਨੂੰ ਮੀਟ ਮੰਡੀ ਦੇ ਨਾਲ ਸ਼ਿਫਟ ਕੀਤਾ ਜਾਵੇਗਾ। ਇਸ ਸਬੰਧੀ ਉਹਨਾਂ ਮੌਕੇ ਉੱਤੇ ਹੀ ਕਮਿਸ਼ਨਰ ਨਗਰ ਨਿਗਮ ਮੋਗਾ ਨੂੰ ਪੱਤਰ ਲਿਖਣ ਦੀ ਹਦਾਇਤ ਕੀਤੀ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਸੁਭਾਸ਼ ਚੰਦਰ ਅਤੇ ਹੋਰ ਵੀ ਹਾਜ਼ਰ ਸਨ।






