ਜਲੰਧਰ : ਰਾਸ਼ਟਰੀ ਜਾਂਚ ਏਜੰਸੀ (NIA) ਨੇ ਅੱਤਵਾਦੀ ਜਥੇਬੰਦੀ ਖ਼ਾਲਿਸਤਾਨ ਟਾਈਗਰ ਫੋਰਸ (KTF) ਦੇ ਮੁਖੀ ਹਰਦੀਪ ਸਿੰਘ ਨਿੱਜਰ ’ਤੇ 10 ਲੱਖ ਦਾ ਇਨਾਮ ਐਲਾਨ ਕੀਤਾ ਹੈ। ਇਹ ਇਨਾਮ ਜਲੰਧਰ ਦੇ ਇਕ ਪੁਜਾਰੀ ਦੀ ਹੱਤਿਆ ਦੇ ਮਾਮਲੇ ’ਚ ਐਲਾਨ ਕੀਤਾ ਗਿਆ ਹੈ। ਉਹ ਹਾਲੇ ਕੈਨੇਡਾ ’ਚ ਰਹਿ ਰਿਹਾ ਹੈ ਤੇ ਐੱਨਆਈਏ ਵੱਲੋਂ ਲੋਡ਼ੀਂਦਾ ਹੈ। ਨਿੱਜਰ ਸਿੱਖਸ ਫਾਰ ਜਸਟਿਸ ਲਈ ਪੰਜਾਬ ਦੇ ਵੱਖਵਾਦੀ ਤੇ ਹਿੰਸਕ ਏਜੰਡੇ ਨੂੰ ਵਧਾਵਾ ਦੇ ਰਿਹਾ ਹੈ। ਉਹ ਮੂਲ ਰੂਪ ’ਚ ਜਲੰਧਰ ਦੇ ਭਰਸਿੰਘਪੁਰ (Phillaur) ਦਾ ਰਹਿਣ ਵਾਲਾ ਹੈ। ਪੁਜਾਰੀ ਦੀ ਹੱਤਿਆ ਦੀ ਸਾਜ਼ਿਸ਼ ਨਿੱਜਰ ਨੇ ਹੀ ਰਚੀ ਸੀ। ਐੱਨਆਈਏ ਨੇ ਕਿਹਾ ਕਿ ਉਸ ਨੂੰ ਫਡ਼ਾਉਣ ਬਾਰੇ ਕੋਈ ਵੀ ਅਹਿਮ ਜਾਣਕਾਰੀ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ।
ਕੌਣ ਹੈ ਹਰਦੀਪ ਸਿੰਘ ਨਿੱਜਰ
ਹਰਦੀਪ ਸਿੰਘ ਨਿੱਜਰ ਪੰਜਾਬ ਦੇ ਜਲੰਧਰ ਦਾ ਰਹਿਣ ਵਾਲਾ ਹੈ ਤੇ ਇਸ ਸਮੇਂ ਕੈਨੇਡਾ ਦੇ ਸਰੀ ‘ਚ ਹੈ। ਉਹ ਕੈਨੇਡਾ ‘ਚ ਰਹਿ ਰਿਹਾ ਖ਼ਾਲਿਸਤਾਨੀ ਅੱਤਵਾਦੀ ਹੈ। ਪਿਛਲੇ ਕਈ ਸਾਲਾਂ ਤੋਂ ਉਹ ਲਗਾਤਾਰ ਪੰਜਾਬ ਵਿੱਚ ਖ਼ਾਲਿਸਤਾਨ ਟੈਰਰ ਫੋਰਸ ਦਾ ਮੋਡਿਊਲ ਖੜ੍ਹਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਖਿਲਾਫ ਕਈ ਮਾਮਲੇ ਦਰਜ ਹਨ।
ਸਾਲ 2020 ‘ਚ ਭਾਰਤ ਸਰਕਾਰ ਨੇ ਪੰਜਾਬ ‘ਚ ਵੱਖਵਾਦ ਨੂੰ ਉਤਸ਼ਾਹਿਤ ਕਰਨ ਦੇ ਦੋਸ਼ੀ ਖਾਲਿਸਤਾਨ ਪੱਖੀ ਸੰਗਠਨ ਦੇ 9 ਲੋਕਾਂ ਨੂੰ ਅੱਤਵਾਦੀ ਐਲਾਨ ਕੀਤਾ ਸੀ। ਸਰਕਾਰ ਨੇ ਇਹ ਕਾਰਵਾਈ ਖ਼ਾਲਿਸਤਾਨ ਦੇ ਸਮਰਥਕਾਂ ‘ਤੇ ਅੱਤਵਾਦ ਵਿਰੋਧੀ ਐਕਟ ਤਹਿਤ ਕੀਤੀ ਹੈ। ਇਹ 9 ਖ਼ਾਲਿਸਤਾਨੀ ਅੱਤਵਾਦੀ ਪਾਕਿਸਤਾਨ ਸਮੇਤ 5 ਹੋਰ ਦੇਸ਼ਾਂ ‘ਚ ਬੈਠੇ ਭਾਰਤ ਵਿਰੋਧੀ ਗਤੀਵਿਧੀਆਂ ‘ਚ ਸ਼ਾਮਲ ਹਨ। ਇਨ੍ਹਾਂ ਵਿੱਚ ਹਰਦੀਪ ਸਿੰਘ ਨਿੱਜਰ ਦਾ ਨਾਂ ਵੀ ਸ਼ਾਮਲ ਸੀ।

ਸਾਲ 2010 ‘ਚ ਬੰਬ ਧਮਾਕੇ ‘ਚ ਆਇਆ ਸੀ ਨਾਂ
ਹਰਦੀਪ ਸਿੰਘ ਨਿੱਜਰ ਦਾ ਨਾਂ 2010 ਵਿੱਚ ਉਦੋਂ ਸਾਹਮਣੇ ਆਇਆ ਸੀ ਜਦੋਂ ਪਟਿਆਲਾ ‘ਚ ਸੱਤਿਆ ਨਰਾਇਣ ਮੰਦਰ ਨੇੜੇ ਹੋਏ ਬੰਬ ਧਮਾਕੇ ਵਿੱਚ ਉਸ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ। ਸਾਲ 2016 ‘ਚ ਨਿੱਜਰ ਖਿਲਾਫ ਲੁਧਿਆਣਾ ਦੇ ਡਾਕਖਾਨਾ ਥਾਣੇ ‘ਚ ਹਿੰਸਾ ਭੜਕਾਉਣ ਅਤੇ ਅੱਤਵਾਦੀ ਗਤੀਵਿਧੀਆਂ ਨੂੰ ਭੜਕਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ।






