*ਧਰਤੀ ਦੇ ਪਾਣੀ ਦਾ ਪੱਧਰ ਹੇਠਾਂ ਜਾਣਾ ਚਿੰਤਾ ਦਾ ਵਿਸ਼ਾ : ਜ਼ਿਲ੍ਹਾ ਯੂਥ ਅਫ਼ਸਰ
*ਯੂਥ ਕਲੱਬ ਕਰਨਗੇ ਲੋਕਾਂ ਨੂੰ ਜਾਗਰੂਕ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋ ਭਾਰਤ ਸਰਕਾਰ ਦੇ ਜਲ ਸ਼ਕਤੀ ਮੰਤਰਾਲੇ ਦੇ ਸਹਿਯੋਗ ਨਾਲ ਬਾਰਿਸ਼ਾ ਦੇ ਪਾਣੀ ਦੀ ਢੁੱਕਵੀ ਵਰਤੋ ਕਰਨ ਲਈ ‘“ਮੀਂਹ ਦਾ ਪਾਣੀ ਇਕੱਤਰ ਕਰੋ ਇਹ ਜਿੱਥੇ ਪੈਂਦਾ ਹੈ,ਇਹ ਜਦੋਂ ਪੈਂਦਾ ਹੈ”’ ਸਿਰਲੇਖ ਹੇਠ ਵਿਸ਼ੇਸ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਿਸ ਦੀ ਸ਼ਰੂਆਤ ਪਿਛਲੇ ਦਿਨੀਂ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਵੱਲੋ ਜਾਗਰੁਕ ਕਰਨ ਵਾਲੇ ਪੋਸਟਰ ਅਤੇ ਸਟਿੱਕਰ ਰੀਲਿਜ਼ ਕਰਕੇ ਕੀਤੀ ਗਈ ਸੀ।
ਇਸ ਸਬੰਧੀ ਅੱਜ ਇਸ ਮੁਹਿੰਮ ਵਿੱਚ ਭਾਗ ਲੈਣ ਵਾਲੇ ਸਮੂਹ ਵਲੰਟੀਅਰਜ ਦੀ ਮੀਟਿੰਗ ਜ਼ਿਲ੍ਹਾ ਯੂਥ ਅਫਸਰ ਸ਼੍ਰੀ ਸਰਬਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਉਨ੍ਹਾਂ ਸਮੂਹ ਵਲੰਟੀਅਰਜ ਨੂੰ ਇਸ ਪ੍ਰਾਜੈਕਟ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਅਤੇ ਦੱਸਿਆ ਕਿ ਪਾਣੀ ਦਾ ਸੰਕਟ ਦਿਨੋ-ਦਿਨ ਗੰਭੀਰ ਰੂਪ ਧਾਰਨ ਕਰਦਾ ਜਾ ਰਿਹਾ ਹੈ ਅਤੇ ਪਾਣੀ ਦਾ ਪੱਧਰ ਹੇਠਾਂ ਵੱਲ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਲਈ ਪਾਣੀ ਦੀ ਬੱਚਤ ਕਰਕੇ ਅਤੇ ਬਾਰਿਸ਼ਾਂ ਦੇ ਦਿਨਾਂ ਵਿੱਚ ਇਸ ਨੂੰ ਭੰਡਾਰ ਕਰਕੇ ਹੀ ਇਸ ਦੀ ਸਚੁੱਜੀ ਵਰਤੋਂ ਕਰ ਸਕਦੇ ਹਾਂ। ਉਨ੍ਹਾਂ ਇਸ ਮੌਕੇ ਸਮੂਹ ਵਲੰਟੀਅਰਜ ਨੂੰ ਪਾਣੀ ਦੀ ਬੱਚਤ ਕਰਨ ਸਬੰਧੀ ਸਹੁੰ ਵੀ ਚੁਕਾਈ ਅਤੇ ਵਲੰਟੀਅਰ ਨੂੰ ਪੋਸਟਰ ਅਤੇ ਸਟਿੱਕਰ ਦੇਕੇ ਪਿੰਡਾਂ ਨੂੰ ਰਵਾਨਾ ਕੀਤਾ।
ਇਸ ਪ੍ਰਾਜੈਕਟ ਬਾਰੇ ਹੋਰ ਜਾਣਕਾਰੀ ਦਿਦਿੰਆ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਲੇਖਾ ਅਤੇ ਪ੍ਰੋਗਰਾਮ ਅਫਸਰ ਸ਼੍ਰੀ ਸੰਦੀਪ ਸਿੰਘ ਘੰਡ ਨੇ ਦੱਸਿਆ ਇਸ ਮੁਹਿੰਮ ਦੇ ਪਹਿਲੇ ਪੜਾਅ ਵਿੱਚ 50 ਪਿੰਡਾਂ ਦੀ ਚੋਣ ਕੀਤੀ ਗਈ ਹੈ ਅਤੇ ਅਗਲੇ ਪੜਾਅ ਵਿੱਚ ਜ਼ਿਲ੍ਹੇ ਦੇ ਬਾਕੀ ਪਿੰਡਾਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਵਿੱਚ ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰਜ ਯੂਥ ਕਲੱਬਾਂ ਦੇ ਸਹਿਯੋਗ ਨਾਲ ਘਰ-ਘਰ ਜਾ ਕੇ ਮੀਂਹ ਦੇ ਪਾਣੀ ਨੂੰ ਸਟੋਰ ਕਰਨ ਅਤੇ ਉਸ ਨੂੰ ਫਿਲਟਰ ਕਰਕੇ ਮੁੜ ਤੋਂ ਇਸਤੇਮਾਲ ਕਰਨ ਲਈ ਪ੍ਰੇਰਿਤ ਕਰਨਗੇ।
ਸ਼੍ਰੀ ਘੰਡ ਨੇ ਕਿਹਾ ਕਿ ਨੁੱਕੜ ਨਾਟਕਾਂ ਰਾਹੀਂ ਵੀ ਲੋਕਾਂ ਨੂੰ ਜਾਗਰੁਕ ਕੀਤਾ ਜਾਵੇਗਾ ਅਤੇ ਇਸ ਤੋ ਇਲਾਵਾ ਐਨ.ਐਸ.ਐਸ.ਵਲੰਟੀਅਰਜ ਦੇ ਸਹਿਯੋਗ ਨਾਲ ਰੈਲੀਆਂ ਤੇ ਸਕੂਲਾਂ ਵਿੱਚ ਬੱਚਿਆਂ ਦੇ ਪੇਂਟਿੰਗ, ਕੁਇੱਜ ਅਤੇ ਸੁੰਦਰ ਲਿਖਾਈ ਮੁਕਾਬਲੇ ਵੀ ਕਰਵਾਏ ਜਾਣਗੇ।ਉਨ੍ਹਾਂ ਦੱਸਿਆ ਕਿ ਵੱਖ-ਵੱਖ ਪਾਣੀ ਦੀ ਬੱਚਤ ਦੇ ਮਾਹਿਰਾਂ ਵੱਲੋਂ ਵੀ ਖੁੱਲੀਆਂ ਵਿਚਾਰ ਚਰਚਾਵਾਂ ਕੀਤੀਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਲਈ ਮਨੋਜ ਕੁਮਾਰ ਨੋਡਲ ਅਧਿਕਾਰੀ, ਮਨਦੀਪ ਕੌਰ ਦਲੇਲ ਵਾਲਾ, ਸੰਦੀਪ ਸਿੰਘ ਘੁਰੱਕਣੀ, ਸੁਖਵਿੰਦਰ ਸਿੰਘ ਚਕੇਰੀਆਂ, ਖੁਸ਼ਵਿੰਦਰ ਸਿੰਘ ਫੁਲੂਵਾਲਾ ਡੋਡ, ਜਸਪਪਾਲ ਸਿੰਘ ਅਕਲੀਆ, ਲਵਪ੍ਰੀਤ ਕੌਰ ਬੁਰਜ ਝੱਬਰ, ਸ਼ੀਤਲ ਕੌਰ,ਗੁਰਵਿੰਦਰ ਸਿੰਘ ਮਾਨਸਾ ਅਤੇ ਅਰਸ਼ਦੀਪ ਸਿੰਘ ਖੀਵਾ ਮੀਹਾਂ ਸਿੰਘ ਵਾਲਾ ਸਮੂਹ ਵਲੰਟੀਅਰਜ ਦੀ ਡਿਉਟੀ ਲਗਾਈ ਗਈ ਹੈ।





