
ਧਿਆਣਾ : ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਵਿੱਚ ਢਾਈ ਸਾਲਾਂ ਦੀ ਮਾਸੂਮ ਬੱਚੀ ਨੂੰ ਅਗਵਾ ਕਰ ਕੇ ਜਿਊਂਦੀ ਨੂੰ ਜ਼ਮੀਨ ਹੇਠਾਂ ਦੱਬ ਦੇਣ ਦੀ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਸੂਚਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਬੱਚੀ ਨੂੰ ਜ਼ਮੀਨ ਦੇ ਥੱਲਿਓਂ ਕੱਢਿਆ ਅਤੇ ਹਸਪਤਾਲ ਦਾਖ਼ਲ ਕਰਵਾਇਆ,ਪਰ ਉਸ ਦੀ ਮੌਤ ਹੋ ਚੁੱਕੀ ਸੀ। ਕਤਲ ਹੋਈ ਬੱਚੀ ਦੀ ਪਛਾਣ ਸ਼ਿਮਲਾਪੁਰੀ ਇਲਾਕੇ ਦੀ ਰਹਿਣ ਵਾਲੀ ਦਿਲ ਰੋਜ਼ ਵਜੋਂ ਹੋਈ ਹੈ।ਜਾਣਕਾਰੀ ਮੁਤਾਬਕ ਸ਼ਿਮਲਾਪੁਰੀ ਇਲਾਕੇ ਦਾ ਰਹਿਣ ਵਾਲਾ ਹਰਪ੍ਰੀਤ ਸਿੰਘ ਪੁਲਿਸ ਵਿੱਚ ਨੌਕਰੀ ਕਰਦਾ ਹੈ। ਅਤੇ ਉਹ ਇਕ ਸਰਪੰਚ ਦੇ ਨਾਲ ਤਾਇਨਾਤ ਹੈ।
ਹਰਪ੍ਰੀਤ ਸਿੰਘ ਗੁਆਂਢ ਵਿਚ ਰਹਿਣ ਵਾਲੀ ਨੀਲਮ ਦੇ ਬੱਚਿਆਂ ਨੂੰ ਗਲੀ ਵਿੱਚ ਖੇਡਣ ਤੋਂ ਰੋਕਦਾ ਸੀ ।ਇਸ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਕਈ ਵਾਰ ਝਗੜਾ ਹੋਇਆ। ਮਨ ਵਿੱਚ ਰੰਜਿਸ਼ ਰੱਖੀ ਬੈਠੀ ਨੀਲਮ ਨੇ ਐਤਵਾਰ ਨੂੰ ਹਰਪ੍ਰੀਤ ਸਿੰਘ ਦੀ ਬੇਟੀ ਦਿਲ ਰੋਜ਼ ਨੂੰ ਅਗਵਾ ਕਰ ਲਿਆ।
ਕਿਡਨੈਪਿੰਗ ਦੀ ਸੂਚਨਾ ਮਿਲਦੇ ਸਾਰ ਹੀ ਪੁਲਿਸ ਦੇ ਹੋਸ਼ ਉੱਡ ਗਏ। ਇਧਰੋਂ ਨੀਲਮ ਦਿਲ ਦਹਿਲਾ ਦੇਣ ਵਾਲੀ ਘਟਨਾ ਨੂੰ ਅੰਜਾਮ ਦੇ ਚੁੱਕੀ ਸੀ। ਨੀਲਮ ਨੇ ਬੱਚੀ ਨੂੰ ਅਗਵਾ ਕੀਤਾ ਅਤੇ ਸਲੇਮ ਟਾਬਰੀ ਇਲਾਕੇ ਵਿੱਚ ਲਿਜਾ ਕੇ ਇੱਕ ਵੀਰਾਨ ਥਾਂ ਤੇ ਜ਼ਮੀਨ ਹੇਠਾਂ ਦੱਬ ਦਿੱਤਾ।
ਜਾਣਕਾਰੀ ਦਿੰਦਿਆਂ ਜੁਆਇੰਟ ਕਮਿਸ਼ਨਰ ਜੇ ਐਲਨਚੇਜ਼ੀਅਨ ਨੇ ਦਸਿਆ ਕਿ ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਅਤੇ ਪੁਲਿਸ ਨੀਲਮ ਤੱਕ ਪਹੁੰਚੀ। ਲੁਧਿਆਣਾ ਪੁਲਿਸ ਨੇ ਜਦ ਨੀਲਮ ਕੋਲੋਂ ਪੁੱਛਗਿੱਛ ਕੀਤੀ ਤਾਂ ਸਾਰੇ ਮਾਮਲੇ ਦਾ ਖੁਲਾਸਾ ਹੋ ਗਿਆ।
ਜਾਣਕਾਰੀ ਤੋਂ ਬਾਅਦ ਪੁਲਿਸ ਤੁਰੰਤ ਸਲੇਮ ਟਾਬਰੀ ਇਲਾਕੇ ਵਿੱਚ ਗਈ ਅਤੇ ਮਾਸੂਮ ਬੱਚੀ ਦਿਲ ਰੋਜ਼ ਨੂੰ ਜ਼ਮੀਨ ਦੇ ਥੱਲਿਓਂ ਕੱਢਿਆ। ਬੇਸੁੱਧ ਹਾਲਤ ਵਿੱਚ ਬੱਚੀ ਨੂੰ ਦਇਆਨੰਦ ਹਸਪਤਾਲ ਲਿਜਾਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਮਾਮਲੇ ਵਿਚ ਪੁਲਿਸ ਨੇ ਨੀਲਮ ਨੂੰ ਹਿਰਾਸਤ ਵਿੱਚ ਲੈ ਕੇ ਉਸਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।






