ਆਡ਼੍ਹਤੀਆਂ ਅਤੇ ਕਿਸਾਨਾਂ ਨੇ ਕਿਹਾ ਕਿ ਐਫਸੀਆਈ ਕਣਕ ਦੀ ਖਰੀਦ ਦੇ ਮਾਪਦੰਡ ਬਦਲ ਦਿੱਤੇ ਹਨ

ਨਾਭਾ (ਸੁਖਚੈਨ ਲੁਬਾਣਾ) : ਖੇਤੀ ਸਬੰਧੀ ਕਾਲੇ ਕਾਨੂੰਨਾਂ ਦੇ ਖਿਲਾਫ ਜਿੱਥੇ ਦੇਸ਼ ਭਰ ਦੇ ਕਿਸਾਨ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ ਅਤੇ ਹੁਣ ਕੇਂਦਰ ਸਰਕਾਰ ਵੱਲੋਂ ਨਵੇਂ-ਨਵੇਂ ਕਾਨੂੰਨ ਬਣਾ ਕੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਜਿਸ ਦੇ ਤਹਿਤ ਨਾਭਾ ਵਿਖੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਅਤੇ ਆਡ਼੍ਹਤੀਆ ਐਸੋਸੀਏਸ਼ਨ ਨਾਭਾ ਵੱਲੋਂ ਐਸਡੀਐਮ ਨੂੰ ਮੰਗ ਪੱਤਰ ਦਿੱਤਾ ਗਿਆ।ਆਡ਼੍ਹਤੀਆਂ ਅਤੇ ਕਿਸਾਨਾਂ ਨੇ ਕਿਹਾ ਕਿ ਐਫਸੀਆਈ ਕਣਕ ਦੀ ਖਰੀਦ ਦੇ ਮਾਪਦੰਡ ਬਦਲ ਦਿੱਤੇ ਹਨ। ਜਿਸ ਕਰਕੇ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।
ਨਾਭਾ ਵਿਖੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਅਤੇ ਆਡ਼੍ਹਤੀਆ ਐਸੋਸੀਏਸ਼ਨ ਵੱਲੋਂ ਐਸਡੀਐਮ ਨਾਭਾ ਰਾਹੀਂ ਪੰਜਾਬ ਅਤੇ ਭਾਰਤ ਸਰਕਾਰ ਨੂੰ ਮੈਮੋਰੰਡਮ ਸੌਂਪਿਆ ਗਿਆ। ਇਸ ਮੌਕੇ ਤੇ ਆਡ਼੍ਹਤੀਏ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੀਨੀਅਰ ਮੀਤ ਪ੍ਰਧਾਨ ਨੇਕ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਐਫਸੀਆਈ ਰਾਹੀਂ ਕਣਕ ਦੀ ਖਰੀਦ ਮਾਪਦੰਡ ਬਦਲ ਦਿੱਤੇ ਗਏ ਹਨ। ਜਿਸ ਕਰਕੇ ਕਣਕ ਦੀ ਨਮੀ ਜੋ 14 ਪਰਸੈਂਟ ਦੀ ਜਗ੍ਹਾ 12 ਪਰਸੈਂਟ ਕਰ ਦਿੱਤੀ ਹੈ ਕਣਕ ਦੀ ਸਾਫ ਲਈ ਮਿਆਰ ਬਦਲ ਦਿੱਤੇ ਗਏ ਹਨ, ਜੋ ਕਿ ਸੰਭਵ ਨਹੀਂ ਕਿਸਾਨਾਂ ਨੂੰ ਜ਼ਮੀਨ ਰਿਕਾਰਡ ਦੇਣ ਲਈ ਕਿਹਾ ਗਿਆ ਹੈ। ਇਸ ਵਿਚ ਸਾਂਝੀਆਂ ਅਤੇ ਵੱਡੀਆਂ ਖੇਵਟਾਂ ਹੋਣ ਕਰਕੇ ਰਿਕਾਰਡ ਤੇ ਹੋਣ ਵਾਲਾ ਭਾਰੀ ਖ਼ਰਚਾ ਕਿਸਾਨਾਂ ਨੂੰ ਕਰਨਾ ਪਵੇਗਾ ਅਤੇ ਠੇਕੇ ਤੇ ਜ਼ਮੀਨ ਲੈਣ ਵਾਲੇ ਕਿਸਾਨਾਂ ਦੀ ਕਿਰਤ ਨੂੰ ਪ੍ਰਭਾਵਤ ਕੀਤਾ ਜਾ ਰਿਹਾ ਹੈ ਅਤੇ ਜੋ ਐਫਸੀਆਈ ਵੱਲੋਂ ਸਿੱਧੀ ਅਦਾਇਗੀ ਕਿਸਾਨਾਂ ਦੇ ਖਾਤੇ ਵਿਚ ਕਰਨ ਦਾ ਫ਼ੈਸਲਾ ਲਿਆ ਗਿਆ ਹੈ ਇਹ ਬਿਲਕੁਲ ਗਲਤ ਹੈ ਕਿਉਂਕਿ ਲੱਖਾਂ ਕਿਸਾਨਾਂ ਦੇ ਖਾਤੇ ਵਿੱਚ ਐਫਸੀਆਈ ਪੈਸੇ ਕਿਵੇਂ ਪਾਵੇਗੀ ਕਿਸੇ ਦੇ ਨਾਮ ਗ਼ਲਤ ਹੋਣਗੇ ਅਤੇ ਕਿਸੇ ਦੇ ਚੈੱਕ ਬਾਊਂਸ ਹੋਣਗੇ। ਨੇਕ ਸਿੰਘ ਨੇ ਸਾਫ ਸ਼ਬਦਾਂ ਵਿਚ ਚਿਤਾਵਨੀ ਦਿੱਤੀ ਕਿ ਕਿਸਾਨ ਮੋਰਚੇ ਦੇ ਹੁਕਮ ਮੰਨ ਕੇ ਲੈਂਡ ਰਿਕਾਰਡ ਕਿਸਾਨ
ਐਫਸੀਆਈ ਕੋਲ ਜਮ੍ਹਾਂ ਨਹੀਂ ਕਰਵਾਉਣਗੇ।
ਇਸ ਮੌਕੇ ਤੇ ਆਡ਼੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰ ਸਿੰਘ ਜੱਤੀ ਨੇ ਕਿਹਾ ਕਿ ਅਸੀਂ ਬਿਲਕੁਲ ਕਿਸਾਨਾਂ ਦੇ ਨਾਲ ਹਾਂ ਜਿਹੜੇ ਕੇਂਦਰ ਸਰਕਾਰ ਵੱਲੋਂ ਧੱਕੇ ਨਾਲ ਕਾਨੂੰਨ ਸਾਡੇ ਤੇ ਥੋਪੇ ਜਾ ਰਹੇ ਹਨ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ।
ਇਸ ਮੌਕੇ ਤੋਂ ਨਾਭਾ ਦੇ ਐਸਡੀਐਮ ਕਾਲਾ ਰਾਮ ਕਾਂਸਲ ਨੇ ਕਿਹਾ ਕਿ ਇਹ ਮੰਗ ਪੱਤਰ ਅਸੀਂ ਭਾਰਤ ਸਰਕਾਰ ਤਕ ਪਹੁੰਚਾ ਦੇਵਾਂਗੇ।






