16.8 C
Chandigarh

TODAY NOW NEWS

Friday, March 20, 2026
HomeBREAKING NEWSਮੱਤੇਵਾੜਾ ਜੰਗਲ ਤੇ ਬੇਜ਼ੁਬਾਨਾਂ ਨੂੰ ਬਚਾਉਣ ਲਈ ‘ਮੱਤੇਵਾੜਾ ਮੋਰਚੇ’ ’ਚ ਵੱਡੀ ਗਿਣਤੀ...

\ਮੱਤੇਵਾੜਾ ਜੰਗਲ ਤੇ ਬੇਜ਼ੁਬਾਨਾਂ ਨੂੰ ਬਚਾਉਣ ਲਈ ‘ਮੱਤੇਵਾੜਾ ਮੋਰਚੇ’ ’ਚ ਵੱਡੀ ਗਿਣਤੀ ’ਚ ਪਹੁੰਚੇ ਵਾਤਾਵਰਣ ਪ੍ਰੇਮੀ

ਲੁਧਿਆਣਾ: ਮੱਤੇਵਾਡ਼ਾ ਜੰਗਲਾਂ ਕੋਲ ਪ੍ਰਸਤਾਵਿਤ ਮਾਡਰਨ ਇੰਡਸਟਰੀਅਲ ਪਾਰਕ ਖ਼ਿਲਾਫ਼ ਐਤਵਾਰ ਨੂੰ ਮੱਤੇਵਾਡ਼ਾ ਬਚਾਓ ਦੇ ਨਾਅਰੇ ਹੇਠ ‘ਮੱਤੇਵਾਡ਼ਾ ਮੋਰਚਾ’ ਲਗਾਇਆ ਗਿਆ, ਜਿਸ ਵਿਚ ਹਜ਼ਾਰਾਂ ਦੀ ਗਿਣਤੀ ’ਚ ਕਿਸਾਨ, ਮਜ਼ਦੂਰ, ਨਿਹੰਗ ਸਿੰਘ ਜਥੇਬੰਦੀਆਂ ਅਤੇ ਵਾਤਾਵਰਨ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਵਾਤਾਵਰਨ ਪ੍ਰੇਮੀਆਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਮੋਰਚੇ ’ਚ ਵਿਸ਼ੇਸ਼ ਤੌਰ ’ਤੇ ਪੁੱਜੇ ਸ਼ੋ੍ਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸਿਮਰਜੀਤ ਸਿੰਘ ਮਾਨ ਨੇ ਕਿਹਾ ਕਿ ਉਹ ਮੱਤੇਵਾਡ਼ਾ ਜੰਗਲ ਦਾ ਮੁੱਦਾ ਪਾਰਲੀਮੈਂਟ ਵਿਚ ਉਠਾਉਣਗੇ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਮੱਤ ਦਿੱਤੀ ਹੈ ਕਿ ਵਾਤਾਵਰਨ ਨੂੰ ਹਮੇਸ਼ਾ ਹਰਿਆ-ਭਰਿਆ ਤੇ ਸਾਫ਼-ਸੁਥਰਾ ਰੱਖਿਆ ਜਾਵੇ। ਅੱਜ ਸਾਡੀਆਂ ਸਰਕਾਰਾਂ, ਜੋ ਦਿੱਲੀ ਤੋਂ ਚੱਲਦੀਆਂ ਹਨ, ਮੱਤੇਵਾਡ਼ਾ ਜੰਗਲ ਵਿਚ ਇੰਡਸਟਰੀ ਲਗਾਉਣ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੋ ਇੰਡਸਟਰੀ ਲੁਧਿਆਣਾ ’ਚ ਲੱਗੀ ਹੈ, ਉਸ ਦੀ ਗੰਦਗੀ ਨੂੰ ਤਾਂ ਅਜੇ ਤਕ ਕੰਟਰੋਲ ਨਹੀਂ ਕੀਤਾ ਗਿਆ, ਸ਼ਹਿਰ ਦਾ ਬੁੱਢਾ ਦਰਿਆ ਗੰਦਾ ਨਾਲਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਜੋ ਪ੍ਰਕਿਰਤੀ ਦੀ ਗੱਲ ਕਰਦੇ ਹਨ, ਰਾਜ ਸਭਾ ਦੇ ਮੈਂਬਰ ਬਣ ਗਏ ਹਨ, ਬੇਸ਼ੱਕ ਉਹ ਆਮ ਆਦਮੀ ਪਾਰਟੀ ਦੇ ਨਾਲ ਹਨ, ਪਰ ਉਨ੍ਹਾਂ ਦਾ ਮੁੱਢਲਾ ਫਰਜ਼ ਬਣਦਾ ਸੀ ਕਿ ਉਹ ਵਾਤਾਵਰਨ ਦੇ ਮੁੱਦੇ ਨੂੰ ਪਹਿਲੇ ਨੰਬਰ ’ਤੇ ਰੱਖਣ। ਵਾਤਾਵਰਨ ਪ੍ਰੇਮੀ ਹੋਣ ਦੇ ਨਾਂ ’ਤੇ ਉਨ੍ਹਾਂ ਨੂੰ ਮੋਰਚੇ ਵਿਚ ਵੀ ਜ਼ਰੂਰ ਪਹੁੰਚਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਬਲਵਿੰਦਰ ਸਿੰਘ ਜਟਾਣਾ ਨੇ ਐੱਸਵਾਈਐੱਲ ਨਹਿਰ ਦਾ ਕੰਮ ਰੁਕਵਾ ਦਿੱਤਾ ਸੀ ਤੇ ਹੁਣ ਸਿੱਧੂ ਮੂਸੇਵਾਲਾ ਨੇ ਆਪਣੇ ਗੀਤ ਰਾਹੀਂ ਦੱਸ ਦਿੱਤਾ ਕਿ ਪਾਣੀ ਦੀ ਇਕ ਬੂੰਦ ਵੀ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਕੀਮਤ ’ਤੇ ਮੱਤੇਵਾਡ਼ਾ ਜੰਗਲ ਦਾ ਉਜਾਡ਼ਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਇਸ ਮੌਕੇ ਲੱਖਾ ਸਿੱਧਾਣਾ, ਅਮਰਿੰਦਰ ਸਿੰਘ ਰਾਜਾ ਵਡ਼ਿੰਗ, ਕਰਨਲ ਸੀਐੱਮ ਲਖਨਪਾਲ, ਰਣਜੋਧ ਸਿੰਘ, ਜਸਕੀਰਤ ਸਿੰਘ, ਬਲਦੇਵ ਸਿੰਘ ਸਿਰਸਾ, ਬਲਬੀਰ ਸਿੰਘ ਰਾਜੇਵਾਲ, ਮਨਜੀਤ ਸਿੰਘ ਧਨੇਰ, ਡਾ. ਧਰਮਵੀਰ ਗਾਂਧੀ, ਪ੍ਰਗਟ ਸਿੰਘ, ਸੁਖਪਾਲ ਸਿੰਘ ਖਹਿਰਾ, ਮਹੇਸ਼ਇੰਦਰ ਸਿੰਘ ਗਰੇਵਾਲ, ਮਨਪ੍ਰੀਤ ਸਿੰਘ ਇਆਲੀ, ਹਰਦੇਵ ਅਰਸ਼ੀ ਆਦਿ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS