ਮੁਜ਼ੱਫ਼ਰਨਗਰ: ਅੱਜ ਉੱਤਰ ਪ੍ਰਦੇਸ਼ ਦੇ ਮੁਜ਼ੱਫ਼ਰਨਗਰ ਵਿੱਚ ਕਿਸਾਨ ਮਹਾਂ–ਪੰਚਾਇਤ ਦੌਰਾਨ ਐਲਾਨ ਕੀਤਾ ਗਿਆ ਕਿ ਹੁਣ ‘ਭਾਰਤ ਬੰਦ’ 25 ਨੂੰ ਨਹੀਂ, ਸਗੋਂ 27 ਸਤੰਬਰ ਨੂੁੰ ਹੋਵੇਗਾ।
ਅੱਜ ਭਾਜਪਾ ਆਗੂ ਵਰੁਣ ਗਾਂਧੀ ਨੇ ਅੰਦੋਲਨਕਾਰੀ ਕਿਸਾਨਾਂ ਦੇ ਹੱਕ ‘ਚ ਹਾਅ ਦਾ ਨਾਅਰਾ ਮਾਰਿਆ ਹੈ। ਉਨ੍ਹਾਂ ਮੁਜ਼ੱਫ਼ਰਨਗਰ ਕਿਸਾਨ ਮਹਾਂ–ਪੰਚਾਇਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਕਿਸਾਨ ਸਾਡੇ ਆਪਣੇ ਹੀ ਹਨ। ਸਾਨੂੰ ਉਨ੍ਹਾਂ ਨਾਲ ਸਨਮਾਨਜਨਕ ਤਰੀਕੇ ਨਾਲ ਮੁੜ ਜੁੜਨਾ ਹੋਵੇਗਾ। ਉਨ੍ਹਾਂ ਦੇ ਦਰਦ ਤੇ ਨਜ਼ਰੀਏ ਨੂੰ ਸਮਝਣਾ ਹੋਵੇਗਾ ਤੇ ਆਮ ਜ਼ਮੀਨ ਤੱਕ ਪੁੱਜਣ ਲਈ ਉਨ੍ਹਾਂ ਨਾਲ ਕੰਮ ਕਰਨਾ ਹੋਵੇਗਾ।
ਮੁਜ਼ੱਫ਼ਰਨਗਰ ‘ਚ ਕਿਸਾਨ ਮਹਾਂ–ਪੰਚਾਇਤ ਲਈ 500 ਥਾਵਾਂ ਉੱਤੇ ਲੰਗਰ ਲਾਏ ਗਏ ਹਨ।

ਅੱਜ ਕਿਸਾਨ ਮਹਾਂ–ਪੰਚਾਇਤ ਦੀ ਸ਼ੁਰੂਆਤ ਤੁਰਹੀ (ਨਰਸਿੰਘਾ) ਵਜਾ ਕੇ ਰਵਾਇਤੀ ਤਰੀਕੇ ਕੀਤੀ ਗਈ। ਪਹਿਲਾਂ ਰਾਜਿਆਂ–ਮਹਾਰਾਜਿਆਂ ਵੇਲੇ ਫ਼ੌਜਾਂ ਇੰਝ ਹੀ ਕੂਚ ਕਰਦੀਆਂ ਹੁੰਦੀਆਂ ਸਨ।
ਸੰਯੁਕਤ ਕਿਸਾਨ ਮੋਰਚਾ ਦੇ ਆਗੂ ਰਾਕੇਸ਼ ਟਿਕੈਤ ਪਹਿਲਾਂ ਸੰਕਲਪ ਲੈ ਚੁੱਕੇ ਹਨ ਕਿ ਜਦੋਂ ਤੱਕ ਤਿੰਨੇ ਖੇਤੀ ਕਾਨੂੰਨ ਕੇਂਦਰ ਸਰਕਾਰ ਵੱਲੋਂ ਵਾਪਸ ਨਹੀਂ ਲੈ ਲਏ ਜਾਦੇ, ਤਦ ਤੱਕ ਉਹ ਆਪਣੇ ਘਰ ਵਾਪਸ ਨਹੀਂ ਜਾਣਗੇ। ਅੱਜ ਉਹ ਪਿਛਲੇ 9 ਮਹੀਨਿਆਂ ਬਾਅਦ ਆਪਣੇ ਜੱਦੀ ਜ਼ਿਲ੍ਹੇ ਮੁਜ਼ੱਫ਼ਰਨਗਰ ਪੁੱਜੇ ਹਨ।
ਬਹੁਤ ਸਾਰੇ ਕਿਸਾਨ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਵਾਂਗ ਤਿਆਰ ਹੋ ਕੇ ਪੁੱਜੇ ਸਨ। ਲੋਕਾਂ ਵਿੱਚ ਅਜੀਬ ਕਿਸਮ ਦਾ ਜੋਸ਼ ਵੇਖਿਆ ਗਿਆ।
ਉੱਤਰ ਪ੍ਰਦੇਸ਼ ਦੇ ਮੁਜ਼ੱਫ਼ਰਨਗਰ ’ਚ ਅੱਜ ਕਿਸਾਨਾਂ ਦੀ ਮਹਾਂ–ਪੰਚਾਇਤ ਹੋ ਰਹੀ ਹੈ। ਇਸ ਸ਼ਹਿਰ ਵਿੱਚ ਅੱਜ ਅੰਤਾਂ ਦੀ ਭੀੜ ਵਿਖਾਈ ਦੇ ਰਹੀ ਹੈ। ਹਰ ਪਾਸੇ ਕਿਸਾਨ ਹੀ ਕਿਸਾਨ ਵਿਖਾਈ ਦੇ ਰਹੇ ਹਨ। ਬਹੁਤ ਸਾਰੀਆਂ ਔਰਤਾਂ ਵੀ ਇਸ ਮਹਾਂ–ਪੰਚਾਇਤ ’ਚ ਭਾਗ ਲੈਣ ਲਈ ਪੁੱਜੀਆਂ ਹਨ।
ਇਸ ਮਹਾਂ–ਪੰਚਾਇਤ ਲਈ ਪ੍ਰਸ਼ਾਸਨ ਵੱਲੋਂ ਬਹੁਤ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਸੁਰੱਖਿਆ ਬਲਾਂ ਦੀਆਂ 25 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ।
ਅੱਜ ਮੁਜ਼ੱਫ਼ਰਨਗਰ ‘ਚ ਕਿਸਾਨਾਂ ਨੇ ‘ਆਜ ਤੱਕ’ ਦੀ ਪੱਤਰਕਾਰ ਚਿੱਤਰਾ ਤ੍ਰਿਪਾਠੀ ਨੂੰ ਘੇਰਾ ਪਾ ਲਿਆ ਤੇ ਉਸ ਨੂੰ ਲਾਈਵ ਰਿਪੋਰਟਿੰਗ ਨਾ ਕਰਨ ਦਿੱਤੀ। ਪੁਲਿਸ ਨੇ ਉਨ੍ਹਾਂ ਨੂੰ ਲੋੜੀਂਦੀ ਸੁਰੱਖਿਆ ਮੁਹੱਈਆ ਕਰਵਾ ਕੇ ਸੁਰੱਖਿਅਤ ਥਾਂ ਉੱਤੇ ਪਹੁੰਚਾਇਆ।





