ਸ੍ਰੀ ਮੁਕਤਸਰ ਸਾਹਿਬ : ਵਿਨੀਤ ਕੁਮਾਰ (ਆਈਏਐੱਸ) ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਪੰਜਾਬ ਰਾਈਟ-ਟੂ-ਬਿਜ਼ਨੈੱਸ ਐਕਟ, 2020 ਤਹਿਤ ਦੂਸਰਾ ਇਨ ਪ੍ਰਿੰਸੀਪਲ ਅਪਰੂਵਲ ਸਰਟੀਫਿਕੇਟ ਮੈਸ. ਪੰਜਾਬ ਸੀ-ਐਗਰੋ, ਪਿੰਡ ਜੰਡਵਾਲਾ ਚਡ਼੍ਹਤ ਸਿੰਘ, ਮਲੋਟ ਨੂੰ ਜਗਵਿੰਦਰ ਸਿੰਘ ਜਨਰਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ ਸ੍ਰੀ ਮੁਕਤਸਰ ਸਾਹਿਬ ਮੈਂਬਰ ਸਕੱਤਰ ਦੇ ਲਗਾਤਾਰ ਯਤਨਾ ਸਦਕਾ ਜਾਰੀ ਕੀਤਾ ਗਿਆ।
ਜਗਵਿੰਦਰ ਸਿੰਘ ਨੇ ਦੱਸਿਆ ਕਿ ਸੇਮ ਅਤੇ ਖਾਰੇਪਣ ਨਾਲ ਪ੍ਰਭਾਵਿਤ ਜ਼ੀਰੋ ਅਰਨਿੰਗ ਰਕਬੇ ਵਿਚ ਪਿਛਲੇ ਕੁਝ ਸਾਲਾਂ ਤੋਂ ਕਿਸਾਨਾਂ ਵੱਲੋਂ ਝੀਂਗਾ ਪਾਲਣ ਕਰਕੇ ਵਧੀਆ ਆਮਦਨ ਪ੍ਰਾਪਤ ਕੀਤੀ ਜਾ ਰਹੀ ਹੈ। ਪੰਜਾਬ ਦੇ ਦੱਖਣੀ ਪੱਛਮੀ ਜ਼ਿਲ੍ਹਿਆਂ ਵਿਚ ਝੀਂਗੇ ਵੱਲ ਕਿਸਾਨਾਂ ਦਾ ਕਾਫੀ ਰੁਝਾਨ ਵਧਿਆ ਹੈ ਤੇ ਸੇਮ ਵਾਲੇ ਏਰੀਏ ਲਈ ਵਰਦਾਨ ਸਿੱਧ ਹੋਇਆ ਹੈ। ਇਸ ਸਾਲ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ’ਚ ਤਕਰੀਬਨ 600 ਏਕਡ਼ ਵਿਚ ਲਗਪਗ 150 ਕਿਸਾਨਾਂ ਵੱਲੋਂ ਝੀਂਗਾ ਪਾਲਣ ਕੀਤਾ ਜਾ ਰਿਹਾ ਹੈ। ਇਸ ਕਿੱਤੇ ਤੋਂ ਕਿਸਾਨ 3-5 ਲੱਖ ਰੁਪਏ ਪ੍ਰਤੀ ਏਕਡ਼ ਮੁਨਾਫਾ ਕਮਾ ਰਹੇ ਹਨ, ਪ੍ਰੰਤੂ ਕਾਸ਼ਤਕਾਰਾਂ ਨੂੰ ਝੀਂਗਾ ਵੇਚਣ ਅਤੇ ਸਾਂਭ ਸੰਭਾਲ ਲਈ ਮੁਸ਼ਕਲਾ ਆ ਰਹੀਆਂ ਸਨ, ਜਿੰਨਾ ਦਾ ਨਿਵਾਰਣ ਕਰਦੇ ਹੋਏ ਅੱਜ ਡਿਪਟੀ ਕਮਿਸ਼ਨਰ ਵੱਲੋਂ ਝੀਂਗਾ ਫਾਰਮਰਾਂ ਲਈ ਪ੍ਰਧਾਨ ਮੰਤਰੀ ਮੱਤਸਯ ਸੰਪਦਾ ਯੋਜਨਾ ਅਧੀਨ ਕੋਲਡ ਸਟੋਰ ਤੇ ਪ੍ਰੋਸੈਸਿੰਗ ਪਲਾਂਟ ਲਈ ਪ੍ਰਵਾਨਗੀ ਰਮਨਦੀਪ ਕੌਰ ਪਤਨੀ ਰੁਪਿੰਦਰ ਸਿੰਘ ਪਿੰਡ ਜੰਡਵਾਲਾ ਚਡ਼੍ਹਤ ਸਿੰਘ ਨੂੰ (ਪੰਜਾਬ ਸੀ-ਐਗਰੋ) ਨੂੰ ਪ੍ਰਦਾਨ ਕੀਤੀ ਗਈ ਹੈ। ਜਿਸ ਨਾਲ ਇਸ ਇਲਾਕੇ ਦੇ ਅਤੇ ਆਸਪਾਸ ਦੇ ਝੀਂਗਾ ਕਾਸ਼ਤਕਾਰਾਂ ਨੂੰ ਬਹੁਤ ਲਾਭ ਮਿਲੇਗਾ। ਇਹ ਪ੍ਰਾਜੈਕਟ ਉੱਤਰੀ ਭਾਰਤ ਦਾ ਪਹਿਲਾ ਪ੍ਰਾਜੈਕਟ ਹੈ ਇਸ ਨਾਲ ਝੀਂਗਾ ਕਰਨ ਵਾਲੇ ਕਿਸਾਨਾਂ ਨੂੰ ਅਚਾਨਕ ਆਉਣ ਵਾਲੀਆਂ ਮੁਸ਼ਕਿਲਾਂ ਤੋਂ ਨਿਜਾਤ ਮਿਲੇਗੀ। ਇਸ ਮੌਕੇ ਕੇਵਲ ਕ੍ਰਿਸ਼ਨ, ਸਹਾਇਕ ਡਾਇਰੈਕਟਰ ਮੱਛੀ ਪਾਲਣ ਸ੍ਰੀ ਮੁਕਤਸਰ ਸਾਹਿਬ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਇਸ ਕਿੱਤੇ ਨਾਲ ਜੁਡ਼ਨ। ਇਸ ਮੌਕੇ ਰੁਪਿੰਦਰ ਪਾਲ ਸਿੰਘ, ਪਰਮਤਜੀਤ ਸਿੰਘ ਪੁੱਤਰ ਜਸਪਾਲ ਸਿੰਘ ਅਤੇ ਰਾਜਵੀਰ ਸਿੰਘ ਹਾਜ਼ਰ ਸਨ।





