ਰਾਜਕੁਮਾਰ, ਵਿਨੀਤ ਅਤੇ ਸੁਰਿੰਦਰ ਪਾਲ ਸਿੰਘ ਆਪਣੇ ਇਕ ਸਾਂਝੇ ਦੋਸਤ ਹਰਜੀਤ ਸਿੰਘ ਦੇ ਘਰ ਦਕੋਹਾ ‘ਚ ਉਨ੍ਹਾਂ ਦੇ ਕਿਸੇ ਰਿਸ਼ਤੇਦਾਰ ਦੀ ਮੌਤ ‘ਤੇ ਅਫਸੋਸ ਪ੍ਰਗਟਾਉਣ ਗਏ ਸਨ।

ਜਲੰਧਰ (ਸੋਨੂ ਸਹੋਤਾ) : ਮਿਲੀ ਜਾਣਕਾਰੀ ਮੁਤਾਬਿਕ ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਕੰਮ ਕਰਨ ਵਾਲੇ ਰਾਜਕੁਮਾਰ, ਵਾਸੀ ਦਿਲਬਾਗ ਨਗਰ ਬਸਤੀ ਗੁੰਜਾਂ ਆਪਣੇ ਸਾਥੀ ਵਿਨੀਤ ਵਾਸੀ ਰਾਮਨਗਰ ਅਤੇ ਸੁਰਿੰਦਰ ਪਾਲ ਸਿੰਘ ਨਿਵਾਸੀ ਤੇ ਬਾਂਸਾ ਵਾਲਾ ਬਾਜ਼ਾਰ, ਬੈਂਡ ਮਾਰਕਿਟ ਸਮੇਤ ਆਪਣੇ ਇਕ ਸਾਂਝੇ ਦੋਸਤ ਹਰਜੀਤ ਸਿੰਘ ਦੇ ਘਰ ਦਕੋਹਾ ‘ਚ ਉਨ੍ਹਾਂ ਦੇ ਕਿਸੇ ਰਿਸ਼ਤੇਦਾਰ ਦੀ ਮੌਤ ‘ਤੇ ਅਫਸੋਸ ਪ੍ਰਗਟਾਉਣ ਗਏ ਸਨ। ਸ਼ੁੱਕਰਵਾਰ ਦੇਰ ਰਾਤ ਤਿੰਨੋਂ ਦੋ ਮੋਟਰਸਾਈਕਲ ‘ਤੇ ਘਰ ਪਰਤ ਰਹੇ ਸਨ । ਜਿਵੇਂ ਹੀ ਦਕੋਹਾ ਫਾਟਕ ਕ੍ਰਾਸ ਕਰ ਕੇ ਉਨ੍ਹਾਂ ਸ਼ਹਿਰ ਦੀ ਪਾਸੇ ਮੋਟਰ ਸਾਈਕਲ ਘੁੰਮਾਈ ਤਾਂ ਲੁਧਿਆਣਾ ਵੱਲੋਂ ਆ ਰਹੀ ਤੇਜ਼ ਰਫ਼ਤਾਰ ਅਰਟਿਗਾ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਜਿਸ ਤੋਂ ਤਿੰਨੋਂ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਏ ਤੇ ਰਾਜਕੁਮਾਰ ਦੀ ਮੌਤ ਹੋ ਗਈ । ਕਾਰ ਚਾਲਕ ਹਾਦਸੇ ਤੋਂ ਬਾਅਦ ਤੇਜ਼ੀ ਨਾਲ ਅੰਮ੍ਰਿਤਸਰ ਵੱਲ ਭੱਜ ਗਿਆ । ਕੈਂਟ ਪੁਲਿਸ ਨੇ ਘਟਨਾ ਵਾਲੇ ਸਥਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਜ਼ਖ਼ਮੀਆਂ ਦੇ ਬਿਆਨ ਦਰਜ ਕਰ ਲਏ ਹਨ।ਫਰਾਰ ਹੋਏ ਚਾਲਕ ਨੂੰ ਫੜਨ ਲਈ ਪੁਲਿਸ ਨਾਕਿਆਂ ‘ਤੇ ਵਾਇਰਲੈਸ ਤੋਂ ਅਲਰਟ ਕਰ ਦਿੱਤਾ ਗਿਆ ਹੈ ।
ਪੁਲਿਸ ਥਾਣਾ ਕੈਂਟ ਦੇ ਐੱਸ.ਐੱਚ.ਓ. ਰਾਮਪਾਲ ਨੇ ਦੱਸਿਆ ਕਿ ਦਕੋਹਾ ਫਾਟਕ ਨੇੜੇ ਸ਼ੁੱਕਰਵਾਰ ਦੇਰ ਰਾਤ ਸੜਕ ਹਾਦਸੇ ‘ਚ ਦੋਸਤ ਦੇ ਘਰ ਅਫਸੋਸ ਪ੍ਰਗਟਾ ਕੇ ਪਰਤ ਰਹੇ ਵਿਅਕਤੀ ਦੀ ਮੌਤ ਹੋ ਗਈ। ਹਾਦਸੇ ‘ਚ ਉਸ ਦੇ ਦੋ ਸਾਥੀ ਗੰਭੀਰ ਰੂਪ ਤੋਂ ਜ਼ਖ਼ਮੀ ਹੋ ਗਏ। ਦੋਵਾਂ ਨੂੰ ਇਲਾਜ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ ।






