ਇਸ ਦੌਰਾਨ ਮੁਲਾਜਮਾਂ ਅਤੇ ਪੈਨਸ਼ਨਰਾਂ ਵੱਲੋਂ ਵੱਖ ਵੱਖ ਸਮਿਆਂ ਤੇ ਲੜੇ ਗਏ ਸੰਘਰਸ਼ਾਂ ਤੇ ਚਾਨਣਾ ਪਾਇਆ

ਮੋਗਾ (ਹੈਪੀ-ਹਰਪਾਲ) : ਪ੍ਰੈਸ ਬਿਆਨ ਜਾਰੀ ਕਰਦੇ ਹੋਏ ਜਿਲ੍ਹਾ ਸਕੱਤਰ ਹਰਨੇਕ ਸਿੰਘ ਨੇਕ, ਪ੍ਰੇਮ ਕੁਮਾਰ, ਸੁਰਿੰਦਰ ਰਾਮ ਕੁੱਸਾ, ਬਿੱਕਰ ਸਿੰਘ ਮਾਛੀਕੇ, ਟਹਿਲ ਸਿੰਘ ਕਿਸ਼ਨਪੁਰਾ ਨੇ ਦੱਸਿਆ ਕਿ ਮੀਟਿੰਗ ਦੀ ਸੁਰੂਆਤ ਵਿਛੜ ਚੁੱਕੇ ਸਾਥੀਆਂ ਨੂੰ ਸਰਧਾਂਜਲੀ ਭੇਂਟ ਕੀਤੀ ਗਈ ਅਤੇ ਕੇਂਦਰ ਸਰਕਾਰ ਦੇ ਤਿੰਨ ਕਾਲੇ ਕਾਨੂੰਨ ਰੱਦ ਕਰਨ ਦੇ ਕਿਸਾਨ ਸੰਘਰਸ਼ ਵਿੱਚ ਸ਼ਹੀਦੀਆਂ ਪ੍ਰਾਪਤ ਕਰ ਗਏ ਕਿਸਾਨਾ ਅਤੇ ਉੱਘੇ ਮੁਲਾਜਮ ਆਗੂ ਸੱਜਣ ਸਿੰਘ , ਸੁਖਦੇਵ ਸਿੰਘ ਬੜੀ ਅਤੇ ਸਵਰਨ ਸਿੰਘ ਕਲਿਆਣ ਨੂੰ ਵੀ ਬੁਲਾਰਿਆਂ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਲਾਲ ਸਿੰਘ ਢਿੱਲੋਂ, ਭਜਨ ਸਿੰਘ ਗਿੱਲ ਨੇ ਪਿਛਲੇ ਸਾਢੇ ਚਾਰ ਸਾਲ ਦੌਰਾਨ ਕੈਪਟਨ ਸਰਕਾਰ ਦੀ ਮੁਲਾਜਮਾਂ , ਪੈਨਸਨਰਾਂ ਅਤੇ ਹੋਰ ਮਿਹਨਤਕਸ਼ ਤਬਕਿਆਂ ਬਾਰੇ ਧਾਰਨ ਕੀਤੀ ਜਾਬਰ ਨੀਤੀ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਇਸ ਸਮੇਂ ਦੌਰਾਨ ਮੁਲਾਜਮਾਂ ਅਤੇ ਪੈਨਸ਼ਨਰਾਂ ਵੱਲੋਂ ਵੱਖ ਵੱਖ ਸਮਿਆਂ ਤੇ ਲੜੇ ਗਏ ਸੰਘਰਸ਼ਾਂ ਤੇ ਚਾਨਣਾ ਪਾਇਆ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਸਾਂਝੇ ਸੰਘਰਸ਼ਾਂ ਦੀ ਲੋੜ ਤੇ ਜੋਰ ਦਿੱਤਾ। ਅਮਰ ਰਣੀਆਂ, ਤਰਸੇਮ ਬੁੱਟਰ ‘ ਗੁਰਦੇਵ ਸਿੰਘ ਬਾਘਾ ਪੁਰਾਣਾ, ਦਲਜੀਤ ਸਿੰਘ ਭੁੱਲਰ ਨੇ ਵੀ ਆਪਣੇ ਵਿਚ ਰੱਖੇ ਅਤੇ ਸਰਕਾਰ ਦੁਆਰਾ ਪੇ ਕਮਿਸ਼ਨ ਦੀ ਮਿਆਦ ਵਿੱਚ ਕੀਤੇ ਗਏ ਪੰਜਵੀਂ ਵਾਰ ਕੀਤੇ ਵਾਧੇ ਨੂੰ ਮੁਲਾਜਮਾਂ , ਪੈਨਸਨਰਾਂ ਨਾਲ ਧ੍ਰੋਹ ਕਮਾਉਣਾ ਦੱਸਦੇ ਹੋਏ ਮੰਗ ਕੀਤੀ ਕਿ ਛੇਵੇਂ ਪੇ ਕਮਿਸ਼ਨ ਦੀ ਰਿਪੋਰਟ ਤੁਰੰਤ ਜਨਤਕ ਕੀਤੀ ਜਾਵੇ ਅਤੇ ਇਸ ਨੂੰ ਵਧਦੀ ਮਹਿੰਗਾਈ ਦੇ ਹਾਣ ਦੀ ਬਣਾਉਂਦੇ ਹੋਏ ਇਸ ਵਿੱਚ ਰਹਿ ਗਈਆਂ ਤਰੁੱਟੀਆਂ ਦੂਰ ਕਰਕੇ ਇਸ ਨੂੰ ਕੀਤੇ ਵਾਅਦੇ ਮੁਤਾਬਕ ਪਹਿਲੀ ਜੁਲਾਈ 2021 ਤੇਂ ਲਾਗੂ ਕਰਕੇ ਇਸ ਦੇ ਬਣਦੇ ਬਕਾਏ ਦਾ ਭੁਗਤਾਨ ਪੈਨਸ਼ਨਰਾਂ ਨੂੰ ਵਡੇਰੀ ਉਮਰ ਵੇਖਦੇ ਹੋਏ ਯੱਕ-ਮੁਸਤ ਦਿੱਤਾ ਜਾਵੇ।

ਸੁਰਿੰਦਰ ਸਿੰਘ ਮੋਗਾ, ਬਲਵਿੰਦਰ ਸਿੰਘ ਰੋਡੇ, ਗੁਰਦਿਆਲ ਸਿੰਘ, ਅਮਰਜੀਤ ਸਿੰਘ ਪੰਜਾਬ ਰੋਡਵੇਜ ‘ਚਮਕੌਰ ਸਿੰਘ ਤਖ਼ਤੂਪੁਰਾ, ਦਰਸ਼ਨ ਸਿੰਘ ਰਾਜਿਆਣਾ ‘ਪ੍ਰੀਤਮ ਸਿੰਘ ਕੈਂਥ ਇੰਦਰਜੀਤ ਮੋਗਾ ਨੇ ਵੀ ਸਾਂਝੇ ਸੰਘਰਸ਼ਾਂ ਦੀ ਅਣਸਰਦੀ ਲੋੜ ਅਤੇ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਵੱਲੋਂ ਲੋਕ ਵਿਰੋਧੀ ਨੀਤੀਆਂ ਤੇ ਵਿਸਥਾਰ ਨਾਲ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਬੇਕਸੂਰ ਲੋਕ ਆਗੂਆਂ ਅਤੇ ਬੁੱਧੀਜੀਵੀਆਂ ਨੂੰ ਬਿਨਾਂ ਮੁਕੱਦਮਾਂ ਚਲਾਏ ਜੇਲ੍ਹਾ ਅੰਦਰ ਤੁੰਨਿਆਂ ਹੋਇਆ ਹੈ ਅਤੇ ਉਹਨਾਂ ਦੀ ਰਿਹਾਈ ਲਈ ਕਿਸਾਨ ਸੰਘਰਸ਼ ਮੋਰਚੇ ਵੱਲੋਂ ਉਲੀਕੇ ਪ੍ਰੋਗਰਮਾਂ ਨੂੰ ਦੇਸ਼ ਵਿਆਪੀ ਵਿਖਾਵਿਆਂ ਦੀ ਕੜੀ ਅਨੁਸਾਰ 17 ਜੂਨ ਨੂੰ 11 ਵਜੇ ਨੇਚਰ ਪਾਰਕ ਮੋਗਾ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।*ਇਸ ਦੇ ਨਾਲ ਹੀ ਜਥੇਬੰਦੀ ਦੇ ਬੁਲਾਰਿਆਂ ਨੇ 22 ਜੂਨ ਨੂੰ ਜਲੰਧਰ ਸਾਂਝੀ ਕਨਵੈਨਸ਼ਨ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਤਾਂ ਕਿ ਸੰਘਰਸ਼ ਨੂੰ ਤੇਜ ਕਰਨ ਲਈ ਕੋਈ ਸਾਂਝੀ ਰਣਨੀਤੀ ਤਿਆਰ ਕਰਕੇ ਘੋਲ ਦੇ ਨਵੇਂ ਰੂਪ ਅਖਤਿਆਰ ਕਰਦੇ ਹੋਏ ਪੰਜਾਬ ਸਰਕਾਰ ਦੀਆਂ ਲੁਟੇਰੇ ਸਿਆਸੀ ਆਗੂਆਂ ਪੱਖੀ ਨੀਤੀਆਂ ਨੂੰ ਲੋਕਾਂ ਵਿੱਚ ਜਾਕੇ ਜੱਗ ਜਾਹਰ ਕੀਤਾ ਜਾ ਸਕੇ ।ਮੀਟਿੰਗ ਵਿੱਚ ਏ . ਜੀ ਪੰਜਾਬ ਵੱਲੋਂ ਅਜੇ ਤੱਕ ਬਹੁਤ ਸਾਰੇ ਪੈਨਸ਼ਨ ਰੀਵੀਜਨ ਦੇ ਕੇਸਾਂ ਨੂੰ ਦੋ ਸਾਲ ਬੀਤਣ ਦੇ ਬਾਵਜੂਦ ਪਾਸ ਨਾ ਕਰਨ ਦੀ ਵੀ ਅਲੋਚਨਾ ਕੀਤੀ ਅਤੇ ਮੰਗ ਕੀਤੀ ਕਿ ਪੈਨਸ਼ਨ ਰੀਵੀਜਨ ਦੇ ਕੇਸ ਅਤੇ ਸਿਹਤ ਵਿਭਾਗ ਦੇ ਡਾਇਰੈਕਟਰ ਪਾਸ ਗਏ 25 ਹਜਾਰ ਤੋਂ ਵੱਧ ਦੀ ਰਕਮ ਦੇ ਮੈਡੀਕਲ ਕਲੇਮ ਦੇ ਬਿੱਲ ਤੁਰੰਤ ਪਾਸ ਕੀਤੇ ਜਾਣ, ਠੇਕੇ ਤੇ ਕੰਮ ਕਰਦੇ ਮੁਲਾਜਮ ਪੱਕੇ ਕਰਕੇ ਪੂਰੀ ਤਨਖਾਹ ਦਿੱਤੀ ਜਾਵੇ, ਆਸ਼ਾ ਵਰਕਰਾਂ, ਆਂਗਣਵਾੜੀ ਵਰਕਰਾਂ ਅਤੇ ਸਕੂਲਾਂ ਵਿੱਚ ਕੰਮ ਕਰਦੀਆਂ ਮਿਡ ਡੇ ਮੀਲ ਵਰਕਰਾਂ ਦੇ ਨਿਗੂਣੇ ਭੱਤੇ ਨੂੰ ਘੱਟੋ ਘੱਟ ਤਨਖਾਹ 18000 ਰੁਪਏ ਕੀਤੀ ਜਾਵੇ, ਨਵੀਂ ਪੈਨਸ਼ਨ ਸਕੀਮ ਰੱਦ ਕਰਕੇ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਕੋਰਟਾਂ ਦੁਆਰਾ ਕੀਤੇ ਮੁਲਾਜ਼ਮ ਪੱਖੀ ਫੈਸਲੇ ਤੁਰੰਤ ਲਾਗੂ ਕਰਕੇ ਬਣਦੇ ਲਾਭ ਦਿੱਤੇ ਜਾਣ।ਮੀਟਿੰਗ ਵਿੱਚ ਆਤਮਾ ਸਿੰਘ ਚੜਿੱਕ, ਗਿਆਨ ਸਿੰਘ, ਜੋਰਾਵਰ ਸਿੰਘ ਬੱਧਨੀ ਕਲਾ, ਬਲੌਰ ਸਿੰਘ ਮੋਗਾ ਸਮੇਤ ਬਹੁਤ ਸਾਰੇ ਪੈਨਸ਼ਨਰ ਹਾਜਰ ਹੋਏ।





