ਸ਼੍ਰੀ ਸੱਤ ਪ੍ਰਕਾਸ਼ ਉੱਪਲ ਜੀ

ਸ਼੍ਰੀ ਸੱਤ ਪ੍ਰਕਾਸ਼ ਉੱਪਲ ਜੀ ਤੇ ਜਿਨ੍ਹਾਂ ਨੇ ਹਿੰਦੀ ਸਾਹਿਤ ਅਤੇ ਕਵਿਤਾ ਖੇਤਰ ਵਿਚ ਵੱਡਮੁੱਲਾ ਯੋਗਦਾਨ ਪਾਇਆ ਅਤੇ ‘ਲਹੂ ਕਾ ਏਕ ਮੋਸਮ’ ਕਵਿਤਾ ਸੰਗ੍ਰਹਿ, ਰੱਥ ਬਦਲੋ, ਆਕਾਸ਼ ਘਰ ਨਹੀਂ ਹੈ, ਸੁਰਖ ਈਟੇੰ, ਸਰੇ ਰਾਹ ਚਲਤੇ ਚਲਤੇ ਪ੍ਰਮੁੱਖ ਉਦਯੋਗਪਤੀ ਅਤੇ ਸਮਾਜ ਸੇਵੀ ਸ਼੍ਰੀ ਕੇਵਲ ਕ੍ਰਿਸ਼ਨ ਪੁਰੀ ਦੀ ਆਤਮ ਕਥਾ, ਇਦ ਨ ਮਮ ਕਿਤਾਬਾਂ ਦੀ ਰਚਨਾ ਕੀਤੀ ਅਤੇ ਬਹੁਤ ਸਾਰੀਆਂ ਕਿਤਾਬਾਂ ਦੇ ਅਨੁਵਾਦ ਕਰਨ ਤੋਂ ਇਲਾਵਾ ਅਪਣੇ ਸਵਰਗਵਾਸੀ ਪਿਤਾ ਸ਼੍ਰੀ
ਹਰਬੰਸ ਲਾਲ ਭੂਸ਼ਨ ਜੀ ਦੀਆਂ ਰਚਿਤ ਚੁਨਿੰਦਾ ਗਜਲਾ ਦਾ ਸੰਗ੍ਰਹਿ ‘ ਕਲ ਕੀ ਬਾਤ’ ਛਪਵਾ ਕੇ ਲੋਕ ਅਰਪਣ ਕੀਤੀ।
ਇੱਥੇ ਹੀ ਬਸ ਨਹੀਂ ਉਹਨਾਂ ਨੇ ਪ੍ਰਿੰਸੀਪਲ ਸੁਰਿੰਦਰ ਪਾਲ ਕੌਰ ਬਰਾੜ ਦੀ ਲਿਖੀ ਕਿਤਾਬ ਪੰਜਾਬੀ ਕਵਿਤਾ ਸੰਗ੍ਰਹਿ ‘ਪਲ ਵਿਕਲ – ਪ੍ਰਤਿਪਲ’, ਸਵਰਾਜ ਕੋਰ ਦੀ ਲਿਖੀ ਕਿਤਾਬ ਪੰਜਾਬੀ ਕਵਿਤਾ ਸੰਗ੍ਰਹਿ ‘ਨਦੀ ਕਾ ਸਵੇਗ’, ਅਤੇ ਸ਼ਵਿੰਦਰ ਕੋਰ ਦੀ ਲਿਖੀ ਹੋਈ ਕਿਤਾਬ “ਸੁਤੰਤਰਤਾ ਸੰਗਰਾਮੀ ਬਾਬਾ ਥੱਮਣ ਸਿੰਘ ਦੀ ਜੀਵਨ ਗਾਥਾ” ਆਦਿ ਕਿਤਾਬਾਂ ਦਾ ਪੰਜਾਬੀ ਤੋਂ ਹਿੰਦੀ ਅਨੁਵਾਦ ਕਰ ਕੇ ਸਹਿਤ ਦੇ ਖੇਤਰ ਵਿਚ ਵੱਡਮੁੱਲਾ ਯੋਗਦਾਨ ਪਾਇਆ।
ਸ਼੍ਰੀ ਸੱਤ ਪ੍ਰਕਾਸ਼ ਉੱਪਲ ਦਾ ਜਨਮ 14 ਅਗੱਸਤ ਸਨ 1953 ਵਿਚ ਮਾਤਾ ਦੁਰਗਾ ਦੇਵੀ ਜੀ ਦੀ ਪਵਿੱਤਰ ਕੁੱਖ ਤੋਂ ਮਾਸਟਰ ਹਰਬੰਸ ਲਾਲ ਭੂਸ਼ਨ ਜੀ ਦੇ ਘਰ ਹੋਇਆ। ਮੁਢਲੀ ਸਿੱਖਿਆ ਆਰੀਆ ਸਕੂਲ ਅਤੇ ਗ੍ਰੈਜੁਏਸ਼ਨ ਡੀ ਐਮ ਕਾਲਜ ਮੋਗਾ ਤੋਂ ਕੀਤੀ। ਇਸ ਸਮੇਂ ਕਾਲਿਜ ਲਾਇਬ੍ਰੇਰੀ ਦਾ ਭਰਪੂਰ ਇਸਤੇਮਾਲ ਕੀਤਾ।
ਹਿੰਦੀ ਦੇ ਪ੍ਰੋਫੈਸਰ ਵਿਜੇ ਸੂਦ ਦੇ ਫੇਵਰਿਟ ਸਨ ਉਨ੍ਹਾਂ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਹਿੰਦੀ ਤੇ ਚੰਗੀ ਪਕੜ ਬਣੀ। ਅਪਣੇ ਪਿਤਾ ਜੀ ਤੋਂ ਪ੍ਰੇਰਿਤ ਸ਼੍ਰੀ ਸੱਤ ਪ੍ਰਕਾਸ਼ ਉੱਪਲ ਜੀ ਨੇ ਉਰਦੂ ਦੇ ਸ਼ਬਦ ਉਚਾਰਨ ਤੇ ਵੀ ਮਹਾਰਤ ਹਾਸਿਲ ਕੀਤੀ। ਪਿਤਾ ਸ਼੍ਰੀ ਹਰਬੰਸ ਲਾਲ ਭੂਸ਼ਨ ਜੀ ਉਰਦੂ ਦੇ ਸ਼ਾਇਰ ਅਤੇ ਗਜਲਕਾਰ ਸਨ। ਉਂਨਾ ਤੋ ਪ੍ਰਭਾਵਿਤ ਸ਼੍ਰੀ ਸੱਤ ਪ੍ਰਕਾਸ਼ ਉੱਪਲ ਨੇ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ।
ਜਿੰਨਾ ਦਿਨਾਂ ਵਿਚ ਆਤੰਕਵਾਦ ਚਰਮ ਸੀਮਾ ਤੇ ਸੀ ਤਾਂ ਉਨ੍ਹਾਂ ਦਿਨਾਂ ਵਿਚ ਕਵਿਤਾ ਸੰਗ੍ਰਹਿ ‘ਲਹੂ ਕਾ ਏਕ ਮੋਸਮ’ ਕਿਤਾਬ ਆਜਾਦ ਕੀਤੀ। ਬਹੁਤ ਹੀ ਮਿਠ ਬੋਲੜੇ ਅਤੇ ਨਿੱਘੇ ਸਭਾਅ ਦੇ ਮਾਲਿਕ ਸ਼੍ਰੀ ਸੱਤ ਪ੍ਰਕਾਸ਼ ਉੱਪਲ ਦਾ ਕਹਿਣਾ ਹੈ ਆਤੰਕਵਾਦੀ ਕੋਈ ਵਿਅਕਤੀ ਨਹੀਂ ਬਲਕਿ ਮਾਨਸਿਕਤਾ ਹੈ। ਜਦੋਂ ਤੱਕ ਆਤੰਕੀ ਮਾਨਸਿਕਤਾ ਦੂਰ ਨਹੀਂ ਹੁੰਦੀ ਦੁਨੀਆ ਤੋਂ ਆਤੰਕਵਾਦ ਖਤਮ ਨਹੀਂ ਹੋ ਸਕਦਾ।
ਸ਼੍ਰੀ ਸੱਤ ਪ੍ਰਕਾਸ਼ ਉੱਪਲ ਜੀ ਨੇ ਨੋਜਵਾਨ ਸਭਾ ਦਾ ਗਠਨ ਕਰਕੇ ਸਮਾਜ ਸੇਵਾ ਸ਼ੁਰੂ ਕੀਤੀ। ਆਰੀਆ ਸਮਾਜ ਨਾਲ ਲਗਾਵ ਹੋਣ ਕਰਕੇ ਉਹ ਆਰੀਆ ਸੰਸਥਾਵਾਂ ਨਾਲ ਵੀ ਜੁੜੇ ਰਹੇ ਅਤੇ ਬਤੌਰ ਪ੍ਰਧਾਨ ਆਰਿਆ ਸਮਾਜ ਦੀ ਵੀ ਸੇਵਾ ਕੀਤੀ। ਉਹਨਾਂ ਨੇ ਚਾਰਾਂ ਵੇਦਾਂ ਦਾ ਅਧਿਐਨ ਕੀਤਾ।
ਪੰਜਾਬ ਯੂਨੀਵਰਸਿਟੀ ਦੇ ਦੀਕਸ਼ਾਂਤ ਸਮਾਰੋਹ ਸਮੇਂ ਉਸ ਵੇਲੇ ਦੇ ਉਪ ਰਾਸ਼ਟਰਪਤੀ ਸ਼੍ਰੀ ਬੀ ਡੀ ਜਤੀ ਵਲੋਂ ਸਨਮਾਨਿਤ ਕੀਤਾ ਗਿਆ।
ਮਹਾਮਹਿਮ ਰਾਸ਼ਟਰਪਤੀ ਡਾਕਟਰ ਸ਼ੰਕਰ ਦਿਆਲ ਸ਼ਰਮਾ ਜੀ ਵਲੋਂ ਰਾਸ਼ਟਰਪਤੀ ਭਵਨ ਵਿਖੇ ਕੇਂਦਰੀ ਹਿੰਦੀ ਨਿਸ਼ੇਦਾਲਿਆ ਵੱਲੋਂ ਘੋਸ਼ਿਤ ਰਾਸ਼ਟਰੀਆ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
‘ਸਰੇ ਰਾਹ ਚਲਤੇ ਚਲਤੇ’ ਰਚਨਾ ਲਈ ਸ੍ਰੀ ਮਤੀ ਲੀਲਾ ਵਤੀ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਭਾਰਤੀਆਂ ਸਟੇਟ ਬੈਂਕ ਚੰਡੀਗੜ੍ਹ ਮੰਡਲ ਵੱਲੋਂ, ਸਮਾਜ ਸੇਵੀ ਸੰਸਥਾ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ, ਆਰੀਆ ਸਮਾਜ ਮੋਗਾ ਵੱਲੋਂ ਅਤੇ ਖੱਤਰੀ ਸਭਾ ਸਮੇਤ ਅਨੇਕਾਂ ਹੀ ਸੰਸਥਾਵਾਂ ਵਲੋਂ ਉੱਪਲ ਸਾਹਿਬ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਮੈਨੂੰ ਮਾਣ ਹੈ ਕਿ ਉੱਪਲ ਸਾਹਿਬ ਦੇ ਪਿਤਾ ਜੀ ਤੋਂ ਲੈ ਕੇ ਹੁਣ ਤੱਕ ਬਹੁਤ ਚੰਗੇ ਪਰਿਵਾਰਕ ਰਿਸ਼ਤੇ ਚੱਲੇ ਆ ਰਹੇ ਹਨ।
ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਉੱਪਲ ਸਾਹਿਬ ਨੂੰ ਸਿਹਤਯਾਬੀ ਦੇਵੇ ਅਤੇ ਉਨ੍ਹਾਂ ਦੀ ਕਲਮ ਨੂੰ ਹੋਰ ਬਲ ਬਖਸ਼ੇ।———-ਕ੍ਰਿਸ਼ਨ ਸੂਦ 98888 00541






