
ਭਿੱਖੀਵਿੰਡ/ਖਾਲੜਾ 28 ਨਵੰਬਰ (ਰਿੰਪਲ ਗੋਲਣ) ਕੇਂਦਰ ਦੀ ਬੀ ਜੇ ਪੀ ਸਰਕਾਰ ਦੁਆਰਾ ਨਵੰਬਰ 2019 ‘ਚ ਲਿਆਂਦੇ ਤਿੰਨ ਕਾਲੇ ਕਾਨੂੰਨਾਂ ਖਿਲਾਫ ਪੂਰੇ ਭਾਰਤ ਦੇ ਕਿਸਾਨ ਸੰਘਰਸ਼ ਕਰ ਰਹੇ ਹਨ। ਇੱਕ ਸਾਲ ਤੋਂ ਜ਼ਿਆਦਾ ਸਮੇਂ ਤੋ ਚੱਲੇ ਆ ਰਹੇ ਇਸ ਸੰਘਰਸ਼ ਦੌਰਾਨ ਦੇਸ਼ ਭਰ ਦੇ ਕਿਸਾਨ ਦਿੱਲੀ ਦੇ ਬਾਰਡਰਾਂ ‘ਤੇ ਬੈਠੇ ਧੁੱਪਾਂ, ਠੰਢਾਂ, ਬਰਸਾਤਾਂ ਅਤੇ ਹੋਰ ਅਨੇਕਾਂ ਮੁਸੀਬਤਾਂ ਨੂੰ ਆਪਣੇ ਸਰੀਰ ‘ਤੇ ਹੰਢਾ ਰਹੇ ਹਨ। ਅਨਿਆਂ ਦੇ ਖਿਲਾਫ ਜੰਗ ਲੜਦਿਆਂ ਹੁਣ ਤੱਕ 700 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ। ਭਾਰਤ ਦੇ ਤਪੱਸਵੀ ਅਤੇ ਹਿੰਮਤੀ ਕਿਸਾਨਾਂ ਦੀ ਜਿੱਤ ਉਸ ਵੇਲੇ ਹੋਈ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਗੁਰਪੁਰਬ ਮੌਕੇ ਕੇਂਦਰ ਦੀ ਬੀ ਜੇ ਪੀ ਸਰਕਾਰ ਵੱਲੋਂ ਤਿੰਨ ਕਾਲੇ ਕਾਨੂੰਨ ਵਾਪਿਸ ਲੈਣ ਦਾ ਐਲਾਨ ਕੀਤਾ। ਕਿਸਾਨਾਂ ਦੇ ਬਲੀਦਾਨ ਅਤੇ ਤਪੱਸਿਆ ਅੱਗੇ ਮੋਦੀ ਸਰਕਾਰ ਦਾ ਝੁਕਣਾ ਸਮੂਹ ਕਿਸਾਨ ਜਥੇਬੰਦੀਆਂ ਦੀ ਏਕਤਾ ਅਤੇ ਸਬਰ ਦਾ ਅਸਰ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਕਾਂਗਰਸ ਵਰਕ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਸਿਤਾਰਾ ਸਿੰਘ ਡਲੀਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਸਾਨ ਅੰਦੋਂਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਕੇਂਦਰ ਦੀ ਬੀ ਜੇ ਪੀ ਸਰਕਾਰ ਨੂੰ ਪੰਜਾਬ ਸਰਕਾਰ ਵਾਂਗ ਅੰਦੋਂਲਨ ‘ਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਹੀਦ ਦਾ ਦਰਜ਼ਾ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਬਣਦੀਆਂ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ। ਇਸ ਮੌਕੇ ਪ੍ਰਧਾਨ ਸਿਤਾਰਾ ਸਿੰਘ ਨੇ ਦੇਸ਼ ਦੇ ਸਾਰੇ ਕਿਸਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਦੇਸ਼ ਦੇ ਸਾਰੇ ਕਿਸਾਨ ਵੀਰਾਂ ਨੇ ਆਪਣੇ ਆਗੂਆਂ ਤੇ ਵਿਸ਼ਵਾਸ ਕਰਕੇ ਉਨ੍ਹਾਂ ਦਾ ਸਾਥ ਦਿੱਤਾ ਹੈ ਅਤੇ ਕੇਂਦਰ ਦੀਆਂ ਕੋਝੀਆਂ ਚਾਲਾਂ ਨੂੰ ਮਾਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਸੰਘਰਸ਼ ਅੱਗੇ ਮਜ਼ਬੂਰ ਹੋ ਕੇ ਕੇਂਦਰ ਦੀ ਹੰਕਾਰੀ ਬੀ ਜੇ ਪੀ ਸਰਕਾਰ ਨੂੰ ਬਿੱਲ ਵਾਪਸ ਲੈਣੇ ਪਏ ਹਨ। ਇਸ ਦੇ ਨਾਲ ਉਨ੍ਹਾਂ ਨੇ ਮੋਦੀ ਸਰਕਾਰ ਤੋਂ ਕਿਸਾਨਾਂ ਦੀਆਂ ਬਾਕੀ ਰਹਿੰਦੀਆਂ ਮੰਗਾਂ ਜਿੰਨਾਂ ‘ਚ ਐਮ ਐਸ ਪੀ ਗਰੰਟੀ ਕਾਨੂੰਨ ਬਣਾਉਣਾ ਮੁੱਖ ਹੈ ਨੂੰ ਜਲਦੀ ਬਣਾਉਣ ਦੀ ਮੰਗ ਵੀ ਕੀਤੀ ਤਾਂ ਜੋ ਧਰਨੇ ‘ਚ ਬੈਠੇ ਕਿਸਾਨ ਜਲਦੀ ਤੋਂ ਜਲਦੀ ਆਪਣੇ ਪਰਿਵਾਰ ਕੋਲ ਵਾਪਸ ਪਰਤ ਸਕਣ।
ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਕਾਂਗਰਸੀ ਆਗੂ ਡਿਪਟੀ ਖਾਲਡ਼ਾ,ਜਗਤਾਰ ਸਿੰਘ ਚੇਅਰਮੈਨ ਸੀਨੀਅਰ ਸੈਕੰਡਰੀ ਸਕੂਲ ਲੜਕੇ ਭਿੱਖੀਵਿੰਡ,ਜਗਜੀਤ ਸਿੰਘ ਮੀਤ ਪ੍ਰਧਾਨ ਕਾਂਗਰਸ ਪਾਰਟੀ ਤਰਨ ਤਾਰਨ ਆਦਿ ਹਾਜ਼ਰ ਸਨ




