ਮਾਨਸਾ 30 ਮਾਰਚ ਗੁਰਜੰਟ ਸਿੰਘ ਬਾਜੇਵਾਲੀਆ/ਕੇਂਦਰ ਦੀ ਬੀ.ਜੇ.ਪੀ. ਸਰਕਾਰ ਪੰਜਾਬ ਤੋਂ ਕਿਸਾਨ ਅੰਦੋਲਨ ਦੀ ਜਿੱਤ ਦਾ ਬਦਲਾ ਲੈਣ ਦੇ ਰਾਹ ਪੈ ਗਈ ਹੈ, ਜਿਸ ਦੇ ਚਲਦੇ ਉਹ ਲਗਾਤਾਰ ਪੰਜਾਬ ਵਿਰੋਧੀ ਫੈਸਲੇ ਲੈ ਰਹੀ ਹੈ

ਅਤੇ ਪੰਜਾਬ ਦੇ ਹੱਕਾਂ ਦੀ ਰਾਖੀ ਕਰਨ ਦੇ ਦਗਮਜੇ ਮਾਰਨ ਵਾਲੀਆਂ ਸਿਆਸੀ ਪਾਰਟੀ ਸਿਰਫ ਬਿਆਨਬਾਜ਼ੀ ਤੱਕ ਹੀ ਸੀਮਿਤ ਹਨ।
ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਸੰਵਿਧਾਨ ਬਚਾਓ ਮੰਚ ਪੰਜਾਬ ਦੇ ਆਗੂ ਐਡਵੋਕੇਟ ਬਲਕਰਨ ਸਿੰਘ ਬੱਲੀ ਨੇ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਕਿਸਾਨ ਅੰਦੋਨਲ ਅੱਗੇ ਗੋਡੇ ਟੇਕਣ ਤੋਂ ਬਾਦ ਮੋਦੀ ਸਰਕਾਰ ਪੰਜਾਬ ਨਾਲ ਬਦਲਾ ਲਊ ਕਾਰਵਾਈ ਤੇ ਚਲ ਰਹੀ ਹੈ। ਪਹਿਲਾਂ ਪੰਜਾਬ ਅੰਦਰ ਬੀ.ਐਸ. ਐਫ. ਦਾ ਅਧਿਕਾਰ ਖੇਤਰ ਵਧਾਇਆ ਗਿਆ। ਫਿਰ ਭਾਖੜਾ ਬਿਆਸ ਮਨੇਜਮੈਂਟ ਚੋਂ ਪੰਜਾਬ ਨੂੰ ਬਾਹਰ ਕੀਤਾ ਗਿਆ। ਹੁਣ ਚੰਡੀਗੜ ਵਿਚ ਕੇਂਦਰੀ ਨਿਯਮ ਲਾਗੂ ਕਰਕੇ ਚੰਡੀਗੜ ਤੋਂ ਪੰਜਾਬ ਦਾ ਹੱਕ ਖਤਮ ਕਰਨ ਦੀ ਚਾਲ ਚੱਲੀ ਜਾ ਰਹੀ ਹੈ। ਉਹਨਾਂ ਕਿਹਾ ਇਕ ਤੋਂ ਬਾਦ ਇਕ ਹੁਣ ਕੇਂਦਰੀ ਪੂਲ ਚੋਂ ਪੰਜਾਬ ਦੀ ਬਿਜਲੀ ਸਪਲਾਈ ਦੀ ਮੰਗ ਨੂੰ ਰੱਦ ਕਰਨਾ ਸ਼ਰੇਆਮ ਧੱਕੇਸ਼ਾਹੀ ਹੈ। ਉਹਨਾਂ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਤੇ ਟਿੱਪਣੀ ਕਰਦਿਆਂ ਕਿਹਾ ਕਿ ਵੋਟਾਂ ਨੇੜੇ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਪੰਜਾਬ ਦੀ ਰਾਖੀ ਕਰਨ ਦੇ ਦਗਮਜ਼ੇ ਮਾਰਦੀਆਂ ਹਨ ਪਰ ਜਦ ਹੱਕਾਂ ਦੀ ਰਾਖੀ ਕਰਨ ਦਾ ਸਮਾਂ ਆਉਂਦਾ ਹੈ ਤਾਂ ਇਹ ਰਾਜਨੀਤਿਕ ਪਾਰਟੀਆਂ ਕੋਈ ਠੋਸ ਕਦਮ ਚੁਕਣ ਦੀ ਥਾਂ ਸਿਰਫ ਬਿਆਨਬਾਜ਼ੀ ਤੱਕ ਸੀਮਿਤ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਹੱਕਾਂ ਤੇ ਮਾਰੇ ਜਾ ਰਹੇ ਅਜਿਹੇ ਡਾਕਿਆਂ ਖਿਲਾਫ ਪੰਜਾਬ ਸਾਰੇ ਰਾਜਨੀਤਿਕ ਮਤਭੇਦ ਭੁਲਾਕੇ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ, ਜਥੇਬੰਦੀਆਂ ਤੇ ਇਨਸਾਫ ਪਸੰਦ ਲੋਕਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਕੇਂਦਰੀ ਹਕੂਮਤ ਦੇ ਇਹਨਾਂ ਪੰਜਾਬ ਵਿਰੋਧੀ ਫੈਸਲਿਆਂ ਨੂੰ ਵਾਪਸ ਲੈਣ ਲਈ ਮਜ਼ਬੂਰ ਕਰਨਾ ਚਾਹੀਦਾ ਹੈ।





