ਪੰਜਾਬ ਚ ਠੇਕਾ ਮੁਲਾਜਮਾਂ ਨੂੰ ਰੈਗੂਲਰ ਕਰਨ ਦੀ ਮੁਖ ਮੰਗ ਨੂੰ ਲੈਕੇ ਨਾਅਰੇਬਾਜੀ ਕੀਤੀ ਗਈ

ਗੁਰਦਾਸਪੁਰ (ਲੱਕੀ ਬਟਾਲਾ) : ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਆਪਣੇ ਪਰਿਵਾਰਾਂ ਸਮੇਤ ਅੱਜ ਸਵੇਰ ਤੋਂ ਕੈਬਨਿਟ ਮੰਤਰੀ ਪੰਜਾਬ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਰਿਹਾਇਸ਼ ਕਸਬਾ ਕਾਦੀਆਂ ਵਿਖੇ ਆਪਣੀਆਂ ਮੰਗਾ ਨੂੰ ਲੈਕੇ 24 ਘੰਟੇ (ਦਿਨ ਰਾਤ ) ਦਾ ਧਰਨਾ ਸ਼ੁਰੂ ਕੀਤਾ ਗਿਆ, ਉਥੇ ਹੀ ਵੱਡੀ ਗਿਣਤੀ ਚ ਇਕੱਠੇ ਹੋਏ ਮੁਲਾਜਮਾ ਵਲੋਂ ਪੰਜਾਬ ਚ ਠੇਕਾ ਮੁਲਾਜਮਾਂ ਨੂੰ ਰੈਗੂਲਰ ਕਰਨ ਦੀ ਮੁਖ ਮੰਗ ਨੂੰ ਲੈਕੇ ਪੰਜਾਬ ਸਰਕਾਰ ਦੇ ਖਿਲਾਫ ਨਾਰਾਬਾਜੀ ਕੀਤੀ ਗਈ |
ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਅਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਕੈਪਟਨ ਸਰਕਾਰ ਵਲੋਂ ਸੱਤਾ ਹਾਸਿਲ ਕਰਨ ਤੋਂ ਪਹਿਲਾਂ ਸਮੂਹ ਵਿਭਾਗਾਂ ਠੇਕਾ ਮੁਲਾਜਮਾਂ ਨੂੰ ਰੈਗੂਲਰ ਕਰਨ ਦਾ ਵਾਅਦਾ ਕੀਤਾ ਸੀ ਪਰੰਤੂ ਜਲ ਸਪਲਾਈ ਵਿਭਾਗ ’ਚ ਵੱਖ ਵੱਖ ਕੈਟਾਗਿਰੀਆਂ ਇਨਲਿਸਟਮੈਂਟ, ਕੰਪਨੀਆ, ਸੁਸਾਇਟੀਆਂ, ਵੱਖ ਵੱਖ ਠੇਕਾ ਪ੍ਰਣਾਲੀ ਅਧੀਨ ਬਤੌਰ ਪੰਪ ਓਪਰੇਟਰ, ਮਾਲੀ, ਚੌਕੀਦਾਰ, ਫਿਟਰ, ਹੈਲਪਰ, ਪੈਟਰੋਮੈਨ, ਡਰਾਇਵਰ, ਸੇਵਾਦਾਰ ਅਤੇ ਦਫਤਰਾਂ ’ਚ ਕੰਪਿਉਟਰ ਉਪਰੇਟਰ, ਲੇਜਰ ਕੀਪਰ, ਬਿੱਲ ਕਲਰਕ, ਲੇਬ ਕੈਮਿਸਟ ਆਦਿ ਵੱਖ ਵੱਖ ਰੈਗੂਲਰ ਪੋਸਟਾਂ ’ਤੇ ਨਿਗੁਣੀਆਂ ਤਨਖਾਹਾਂ ’ਤੇ ਪਿਛਲੇ ਕਈ ਸਾਲਾਂ ਤੋਂ ਕੰਟਰੈਕਟ ਵਰਕਰ ਸੇਵਾਵਾਂ ਦੇ ਰਹੇ ਹਨ, ਜਿਨ੍ਹਾਂ ਨੂੰ ਬੇਰੁਜਗਾਰ ਕਰਨ ਅਤੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਹੂਲਤ ਦੇ ਰਹੇ ਜਲ ਸਪਲਾਈ ਵਿਭਾਗ ਨੂੰ ਖਤਮ ਕਰਨ ਲਈ ਜਲ ਸਪਲਾਈ ਵਿਭਾਗ ਦਾ ਪੰਚਾਇਤੀਕਰਨ/ਨਿੱਜੀਕਰਨ ਕਰਨ ਦੀਆਂ ਮਾਰੂ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਰੱਦ ਕਰਵਾਉਣ ਲਈ ਉਹਨਾਂ ਵਲੋਂ ਧਰਨੇ ’ਚ ਵਰਕਰ ਆਪਣੇ ਪਰਿਵਾਰਾਂ ਅਤੇ ਬੱਚਿਅ ਸਮੇਤ ਹਿੱਸਾ ਲੈ ਰਹੇ ਹਨ।ਇਹਨਾ ਆਗੂਆਂ ਨੇ ਮੰਗ ਕੀਤੀ ਕਿ ਜਲ ਸਪਲਾਈ ਠੇਕਾ ਵਰਕਰਾਂ ਨੂੰ ਰੈਗੂਲਰ ਕਰਨ ਲਈ ਵਿਭਾਗ ਵਲੋਂ ਪਹਿਲਾਂ ਤਿਆਰ ਕੀਤੀ ਪ੍ਰਪੋਜਲ ਨੂੰ ਤੁਰੰਤ ਲਾਗੂ ਕੀਤਾ ਜਾਵੇ ਅਤੇ ਜੇਕਰ ਉਹਨਾਂ ਦੀਆ ਮੰਗਾ ਨਾ ਮੰਨਿਆ ਗਈਆਂ ਤਾ ਉਹਨਾਂ ਵਲੋਂ ਆਪਣਾ ਸੰਗਰਸ਼ ਹੋਰ ਤੇਜ ਕੀਤਾ ਜਾਵੇਗਾ |






