ਲੜਾਈ ਚਲਦਿਆਂ ਪਤਨੀ ਅਤੇ ਸਹੁਰੇ ਨੂੰ ਵੀ ਕੁੱਟ ਕੁੱਟ ਕੇ ਪਹੁੰਚਾਇਆ ਹਸਪਤਾਲ ।

ਬਠਿੰਡਾ-ਭਗਤਾ (ਜਸ ਬਰਾੜ) : ਪਿੰਡ ਆਦਮਪੁਰਾ ਵਿਖੇ ਇਕ ਬਹੁਤ ਹੀ ਭਿਆਨਕ ਤੇ ਦਰਦਨਾਕ ਘਰੇਲੂ ਹਿੰਸਾ ਦਾ ਮਾਮਲਾ ਸਾਹਮਣੇ ਆਇਆ ਜਦ ਇਕ ਮਾਨਸਿਕ ਤੌਰ ਤੇ ਪਰੇਸ਼ਾਨ ਚਾਲ ਰਹੇ ਬਾਪ ਨੇ ਆਪਣੀ ਹੀ ਸੱਤ ਮਹੀਨੇ ਦੀ ਮਾਸੂਮ ਬੱਚੀ ਨੂੰ ਕੰਧ ‘ਚ ਮਾਰ ਕੇ ਉਸਦਾ ਕਤਲ ਕਰ ਦਿੱਤਾ । ਇਸੇ ਦੌਰਾਨ ਉਸ ਨੇ ਆਪਣੀ ਪਤਨੀ ਤੇ ਸਹੁਰੇ ਨਾਲ ਵੀ ਕੁੱਟਮਾਰ ਕਰ ਕੇ ਦੋਵਾਂ ਨੂੰ ਜ਼ਖ਼ਮੀ ਕਰ ਦਿੱਤਾ । ਪੁਲਿਸ ਚੌਕੀ ਦਿਆਲਪੁਰਾ ਭਾਈਕਾ ਦੇ ਇੰਚਾਰਜ ਰਾਜਪਾਲ ਸਿੰਘ ਨੇ ਦੱਸਿਆ ਕਿ ਇਸ ਘਟਨਾ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀ ਖ਼ਿਲਾਫ਼ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਪ੍ਰਾਪਤ ਜਾਣਕਾਰੀ ਮੁਤਾਬਿਕ ਜਗਦੀਸ਼ ਸਿੰਘ ਵਾਸੀ ਆਦਮਪੁਰਾ ਦਾ ਵਿਆਹ ਜਸਵਿੰਦਰ ਕੌਰ ਪੁੱਤਰੀ ਗੁਰਚੇਤ ਸਿੰਘ ਵਾਸੀ ਗਿੱਲ ਕਲਾਂ ਨਾਲ 2017 ‘ਚ ਹੋਇਆ ਸੀ। ਉਨ੍ਹਾਂ ਘਰ ਦੇ ਕਰੀਬ ਸੱਤ ਮਹੀਨੇ ਪਹਿਲਾਂ ਬੱਚੀ ਨੇ ਜਨਮ ਲਿਆ। ਜਗਦੀਸ਼ ਸਿੰਘ ਕਿਸੇ ਪ੍ਰਾਈਵੇਟ ਕੰਪਨੀ ‘ਚ ਕੰਮ ਕਰਦਾ ਸੀ ਤੇ ਕੁਝ ਸਮੇਂ ਬਾਅਦ ਜਦ ਘਰ ਆਉਂਦਾ ਸੀ ਤਾਂ ਪਤੀ-ਪਤਨੀ ‘ਚ ਝਗੜਾ ਹੁੰਦਾ ਰਹਿੰਦਾ ਸੀ। ਹੁਣ ਵੀ ਜਦ ਉਹ ਘਰ ਆਇਆ ਤਾਂ ਪਤੀ-ਪਤਨੀ ਵਿਚਕਾਰ ਲੜਾਈ ਸ਼ੁਰੂ ਹੋ ਗਈ। ਇਸ ਦੌਰਾਨ ਕਥਿਤ ਦੋਸ਼ੀ ਜਗਦੀਸ਼ ਸਿੰਘ ਨੇ ਆਪਣੀ ਕਰੀਬ ਸੱਤ ਮਹੀਨੇ ਦੀ ਬੱਚੀ ਏਕਨੂਰ ਕੌਰ ਨੂੰ ਚੁੱਕ ਕੇ ਕੰਧ ‘ਚ ਮਾਰਿਆ। ਜਿਸ ਨਾਲ ਮਾਸੂਮ ਬੱਚੀ ਏਕਨੂਰ ਦੀ ਮੌਤ ਹੋ ਗਈ। ਇਸ ਦੌਰਾਨ ਉਸ ਨੇ ਆਪਣੀ ਪਤਨੀ ਜਸਵਿੰਦਰ ਕੌਰ ਤੇ ਸਹੁਰਾ ਗੁਰਚੇਤ ਸਿੰਘ ਦੀ ਵੀ ਕੁੱਟਮਾਰ ਕਰ ਦਿੱਤੀ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਰਾਮਪੁਰਾ ਵਿਖੇ ਭਰਤੀ ਕਰਵਾਇਆ ਗਿਆ ਹੈ। ਕਥਿਤ ਦੋਸ਼ੀ ਮਾਨਸ਼ਿਕ ਤੌਰ ‘ਤੇ ਪ੍ਰੇਸ਼ਾਨ ਦੱਸਿਆ ਜਾ ਰਿਹਾ ਹੈ।






