ਚੰਡੀਗਡ਼੍ਹ :

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵੀਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਨਹੀਂ ਹੋ ਸਕੀ। ਕੈਪਟਨ ਨੇ ਖ਼ੁਦ ਪ੍ਰੈੱਸ ਕਾਨਫਰੰਸ ਦੌਰਾਨ ਇਸ ਬਾਰੇ ਜਾਣਕਾਰੀ ਦਿੱਤੀ ਸੀ ਕਿ 28 ਅਕਤੂਬਰ ਨੂੰ ਉਨ੍ਹਾਂ ਨੇ ਸ਼ਾਹ ਨੂੰ ਮਿਲਣਾ ਹੈ। ਇਸ ਦੌਰਾਨ ਉਨ੍ਹਾਂ ਨਾਲ 25 ਖੇਤੀ ਮਾਹਰ ਹੋਣਗੇ ਜੋ ਕਿ ਖੇਤੀ ਕਾਨੂੰਨਾਂ ਸਬੰਧੀ ਚਰਚਾ ਕਰਨਗੇ।
ਕਾਂਗਰਸ ਸਮੇਤ ਸਾਰੀਆਂ ਰਾਜਨੀਤਕ ਪਾਰਟੀਆਂ ਦੀਆਂ ਨਜ਼ਰਾਂ ਇਸ ਮੀਟਿੰਗ ’ਤੇ ਲੱਗੀਆਂ ਸਨ। ਕੈਪਟਨ ਧੜੇ ਮੁਤਾਬਕ ਮੀਟਿੰਗ ਦੇਰ ਸ਼ਾਮ 7 ਵਜੇ ਹੋਣੀ ਸੀ ਜੋ ਕਿ ਟਾਲ ਦਿੱਤੀ ਗਈ। ਹਾਲਾਂਕਿ ਕੈਪਟਨ ਮੀਟਿੰਗ ਖ਼ਾਤਰ ਬੁੱਧਵਾਰ ਸ਼ਾਮ ਨੂੰ ਦਿੱਲੀ ਚਲੇ ਗਏ ਸਨ।
ਉਨ੍ਹਾਂ ਨੇ ਬੁੱਧਵਾਰ ਨੂੰ ਐਲਾਨ ਕਰ ਦਿੱਤਾ ਸੀ ਕਿ ਉਹ ਆਪਣੀ ਪਾਰਟੀ ਬਣਾ ਕੇ ਭਾਜਪਾ ਨਾਲ ਸੀਟਾਂ ਲਈ ਸਮਝੌਤਾ ਕਰਨਗੇ। ਉਮੀਦ ਸੀ ਕਿ ਭਾਜਪਾ ਕੈਪਟਨ ਜ਼ਰੀਏ ਕਿਸਾਨ ਅੰਦੋਲਨ ਦਾ ਹੱਲ ਲੱਭ ਰਹੀ ਹੈ, ਇਸ ਲਈ ਮੀਟਿੰਗ ਹੋਵੇਗੀ।
ਇਸੇ ਮੀਟਿੰਗ ਨੂੰ ਲੈ ਕੇ ਕਾਂਗਰਸ ਵਿਚ ਬੇਚੈਨੀ ਪਾਈ ਜਾ ਰਹੀ ਸੀ। ਕੈਪਟਨ ਦੇ ਇਸ ਐਲਾਨ ਮਗਰੋਂ ਰਾਹੁਲ ਗਾਂਧੀ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦਿੱਲੀ ਬੁਲਾ ਲਿਆ ਸੀ। ਉਥੇ ਇਹ ਮੀਟਿੰਗ ਨਾ ਹੋਣ ਕਾਰਨ ਸਮਝਿਆ ਜਾ ਰਿਹਾ ਹੈ ਕਿ ਭਾਜਪਾ ਹੁਣ ਕੈਪਟਨ ਦਾ ਵਜ਼ਨ ਤੋਲ ਰਹੀ ਹੈ। ਬੁੱਧਵਾਰ ਨੂੰ ਕੈਪਟਨ ਵੱਲੋਂ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਨਾਲ ਕੋਈ ਵੱਡਾ ਚਿਹਰਾ ਮੌਜੂਦ ਨਹੀਂ ਸੀ।
ਸਵਾਲ ਹੈ ਕਿ ਕੈਪਟਨ ਲਗਾਤਾਰ ਆਖ ਰਹੇ ਹਨ ਕਿ ਕਈ ਕਾਂਗਰਸੀ ਵਿਧਾਇਕ ਉਨ੍ਹਾਂ ਦੇ ਸੰਪਰਕ ਵਿਚ ਹਨ ਪਰ ਕੀ ਉਹ ਕੈਪਟਨ ਵੱਲੋਂ ਪਾਰਟੀ ਬਣਾਏ ਜਾਣ ਮਗਰੋਂ ਉਨ੍ਹਾਂ ਨਾਲ ਜਾਣਗੇ? ਮੁੱਖ ਮੰਤਰੀ ਹੋਣ ਸਮੇਂ ਜੋ ਲੋਕ ਕੈਪਟਨ ਦੇ ਆਲੇ-ਦੁਆਲੇ ਰਹਿੰਦੇ ਸਨ ਉਹ ਵੀ ਦੂਰੀ ਬਣਾ ਰਹੇ ਹਨ। ਹਰ ਕੋਈ ਆਪਣਾ ਸਿਆਸੀ ਨਫ਼ਾ ਨੁਕਸਾਨ ਸੋਚ ਕੇ ਕਦਮ ਪੁੱਟ ਰਿਹਾ ਹੈ।
ਇਸ ਦਰਮਿਆਨ ਇਕ ਵਰਗ ਇਹੋ-ਜਿਹਾ ਵੀ ਹੈ, ਜੋ ਇਹ ਸਮਝਦਾ ਹੈ ਕਿ ਮੀਟਿੰਗ ਨਾ ਹੋਣੀ ਰਣਨੀਤੀ ਦਾ ਹਿੱਸਾ ਹੋ ਸਕਦੀ ਹੈ। ਦਰਅਸਲ ਜਦੋਂ 18 ਸਤੰਬਰ ਨੂੰ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਮਗਰੋਂ ਕੈਪਟਨ ਦਿੱਲੀ ਗਏ ਸਨ ਤਾਂ ਚਰਚਾ ਸੀ ਕਿ ਉਹ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣਗੇ ਪਰ ਅਗਲੇ ਦਿਨ ਮੁਲਾਕਾਤ ਹੋਈ ਸੀ। ਕਾਂਗਰਸ ਦੀ ਨਜ਼ਰ ਕਿਉਂ ਜੋ ਕੈਪਟਨ ਦੇ ਹਰ ਕਦਮ ’ਤੇ ਹੈ, ਇਸ ਲਈ ਯੋਜਨਾਬੱਧ ਤਰੀਕੇ ਨਾਲ ਮੀਟਿੰਗ ਟਾਲ ਦਿੱਤੀ ਗਈ ਹੋ ਸਕਦੀ ਹੈ।




