ਨਗਰ ਕੌਂਸਲ ਬਰਨਾਲਾ ਵਿਕਾਸ ਦੇ ਨਾਮ ਤੇ ਕਰਦੀ ਘਾਲਾ ਮਾਲਾ ਹੈਂ ਕਾਗਜਾਂ ਚ ਹੁੰਦਾ ਵਿਕਾਸ ਸ਼ਾਬਾਸ਼,ਸ਼ਾਬਾਸ਼

ਬਰਨਾਲਾ (ਕਰਨਪ੍ਰੀਤ ਧੰਦਰਾਲ ) : ਜਿੱਥੇ ਪਿਛਲੇ ਕੁਝ ਸਾਲਾਂ ਤੋਂ ਪ੍ਰਾਪਰਟੀ ਭੂ ਮਾਫੀਆ ਵਲੋਂ ਸ਼ਹਿਰ ਵਿਚ ਸਸਤੇ ਰੇਟਾਂ ਤੇ ਜਮੀਨਾਂ ਖਰੀਦ ਕੇ ਕੱਟੀਆਂ ਗਈਆਂ ਕਲੋਨੀਆਂ ਰਾਹੀਂ ਗ੍ਰਾਹਕਾਂ ਨੂੰ ਮਹਿੰਗੇ ਰੇਟਾਂ ਤੇ ਪਲਾਟ ਕੱਟ ਕੇ ਕਰੋੜਾਂ ਰੁਪੈ ਇਕੱਠੇ ਕੀਤੇ ਉੱਥੇ ਸਰਕਾਰ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਸਰਕਾਰ ਦੇ ਮਾਲੀਏ ਨੂੰ ਵੀ ਕਰੋੜਾਂ ਦਾ ਚੂਨਾ ਲਾਇਆ ਗਿਆ ਭਿ੍ਸ਼ਟਾਚਾਰ ਦੇ ਮਾਮਲਿਆਂ ਨੂੰ ਲੈ ਕੇ ਨਗਰ ਕੌਂਸਲ ਬਰਨਾਲਾ ਕਾਫ਼ੀ ਸੁਰਖ਼ੀਆਂ ਵਟੋਰ ਰਹੀ ਹੈ | ਭਿ੍ਸ਼ਟਾਚਾਰ ਸਬੰਧੀ ਭਾਵੇਂਕਿ ਪਿਛਲੇ ਦਿਨੀਂ ਨਗਰ ਕੌਂਸਲ ਬਰਨਾਲਾ ਦੇ ਕੁਝ ਅਧਿਕਾਰੀਆਂ ਨੂੰ ਸਥਾਨਕ ਸਰਕਾਰਾਂ ਵਿਭਾਗ ਵਲੋਂ ਮੁਅੱਤਲ ਵੀ ਕਰ ਦਿੱਤਾ ਗਿਆ ਸੀ ਪਰ ਨਗਰ ਕੌਂਸਲ ਦੇ ਕਈ ਹੋਰ ਮਾਮਲੇ ਆਏ ਦਿਨ ਸਾਹਮਣੇ ਆ ਰਹੇ ਹਨ ਜਿਨ੍ਹਾਂ ਵੱਲ ਸ਼ਾਇਦ ਨਾ ਤਾਂ ਸਰਕਾਰ ਨੇ ਕੋਈ ਧਿਆਨ ਦਿੱਤਾ ਹੈ ਅਤੇ ਨਾ ਹੀ ਸਥਾਨਕ ਸਰਕਾਰਾਂ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਨਜ਼ਰ ਗਈ ਹੈ | ਅਜਿਹਾ ਹੀ ਇਕ ਮਾਮਲਾ ਨਗਰ ਕੌਂਸਲ ਦੇ ਸਾਬਕਾ ਕੌਂਸਲਰਾਂ ਤੇਜਿੰਦਰ ਸਿੰਘ ਸੋਨੀ ਜਾਗਲ ਅਤੇ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਧਿਆਨ ਵਿਚ ਲਿਆਂਦਾ ਹੈ | ਜਿਨ੍ਹਾਂ ਨੇ ਦੱਸਿਆ ਕਿ ਉਹ ਨਗਰ ਕੌਂਸਲ ਦੀ ਪਿਛਲੀ ਟਰਮ ਵਿਚ ਕੌਂਸਲਰ ਸਨ ਅਤੇ ਉਨ੍ਹਾਂ ਦੀ ਟਰਮ ਦੀ ਆਖ਼ਰੀ ਮੀਟਿੰਗ 5 ਮਾਰਚ 2020 ਨੂੰ ਹੋਈ ਸੀ | ਇਸ ਮੀਟਿੰਗ ਵਿਚ ਪਾਏ ਗਏ ਏਜੰਡੇ ਦੀ ਕਾਪੀ ਦਿਖਾਉਂਦਿਆਂ ਉਨ੍ਹਾਂ ਦੱਸਿਆ ਕਿ ਮੀਟਿੰਗ ਵਿਚ ਵੱਖ-ਵੱਖ ਵਿਸ਼ਿਆਂ ਦੀਆਂ 19 ਤਜਵੀਜ਼ਾਂ ਰੱਖੀਆਂ ਗਈਆਂ ਸਨ ਲੇਕਿਨ ਹੁਣ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਸ਼ਹਿਰ ਵਿਚਲੀਆਂ ਕਈ ਕਾਲੋਨੀਆਂ ਨੂੰ ਨਗਰ ਕੌਂਸਲ ਵਲੋਂ ਏਸੇ ਮੀਟਿੰਗ ਵਿਚ ਤਜਵੀਜ਼ ਨੰਬਰ 21 ਦੇ ਆਧਾਰ ‘ਤੇ ਟੇਕ ਓਵਰ ਕਰ ਲਿਆ ਹੈ ਜਦੋਂਕਿ ਇਸ ਤਜਵੀਜ਼ ਬਾਰੇ ਉਨ੍ਹਾਂ ਸਮੇਤ ਕਈ ਹੋਰ ਕੌਂਸਲਰਾਂ ਨੂੰ ਕੋਈ ਗਿਆਨ ਹੀ ਨਹੀਂ | ਸ੍ਰੀ ਸੋਨੀ ਜਾਗਲ ਨੇ ਦੱਸਿਆ ਕਿ ਤਜਵੀਜ਼ ਨੰਬਰ 21 ਅਤੇ ਮਤਾ ਨੰਬਰ 393 ਮਿਤੀ 5 ਮਾਰਚ 2020 ਅਨੁਸਾਰ ਨਗਰ ਕੌਂਸਲ ਵਲੋਂ ਟੇਕ ਓਵਰ ਕੀਤੀਆਂ ਗਈਆਂ ਕਾਲੋਨੀਆਂ ਮਹੇਸ਼ ਇਨਕਲੇਵ, ਮਹੇਸ਼ ਐਵਨਿਊ ਅਤੇ ਕ੍ਰਿਸ਼ਨਾ ਇਨਕਲੇਵ ਦੀ ਕੰਪਲੀਸ਼ਨ ਹੋ ਚੁੱਕੀ ਹੈ ਅਤੇ ਇਨ੍ਹਾਂ ਕਾਲੋਨੀਆਂ ਵਿਚ ਸੜਕਾਂ ਦੀ ਰਿਪੇਅਰ ਕੀਤੀ ਜਾ ਚੁੱਕੀ ਹੈ ਜਦੋਂਕਿ ਅਸਲ ਵਿਚ ਉਕਤ ਕਾਲੋਨੀਆਂ ਵਿਚ ਕੋਈ ਵੀ ਸੜਕਾਂ ਦੀ ਰਿਪੇਅਰ ਨਹੀਂ ਕਰਵਾਈ ਗਈ ਅਤੇ ਅੱਜ ਵੀ ਸੜਕਾਂ ਹਾਲਤ ਖਸਤਾ ਹੈ | ਉਨ੍ਹਾਂ ਦੱਸਿਆ ਕਿ ਕ੍ਰਿਸ਼ਨਾ ਇਨਕਲੇਵ ਕਾਲੋਨੀ ਉਨ੍ਹਾਂ ਦੇ ਵਾਰਡ ਅਧੀਨ ਆਉਂਦੀ ਹੈ ਪਰ ਇਹ ਮਤਾ ਪਾਸ ਕਰਨ ਸਮੇਂ ਉਨ੍ਹਾਂ ਦੇ ਕੋਈ ਧਿਆਨ ਵਿਚ ਨਹੀਂ ਲਿਆਂਦਾ ਗਿਆ | ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਇਸ ਮਾਮਲੇ ਵਿਚ ਵੀ ਭਿ੍ਸ਼ਟਾਚਾਰ ਹੋਇਆ ਹੈ | ਸ੍ਰੀ ਸੋਨੀ ਜਾਗਲ ਅਤੇ ਸ੍ਰੀ ਬਿੱਟੂ ਦੀਵਾਨਾ ਨੇ ਕਿਹਾ ਕਿ ਨਗਰ ਕੌਂਸਲ ਵਲੋਂ ‘ਆਊਟ ਆਫ਼ ਏਜੰਡਾ’ ਮਤਾ ਪਾ ਕੇ ਟੇਕ ਓਵਰ ਕੀਤੀਆਂ ਗਈਆਂ ਕਾਲੋਨੀਆਂ ਸਬੰਧੀ ਉਹ ਮਾਨਯੋਗ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ ਅਤੇ ਜਿਸ ਵੀ ਅਧਿਕਾਰੀ ਵਲੋਂ ਇਸ ਤਰ੍ਹਾਂ ਕੌਂਸਲਰਾਂ ਨੂੰ ਧੋਖੇ ਵਿਚ ਰੱਖ ਕੇ ਇਹ ਮਤਾ ਪਾਇਆ ਗਿਆ ਹੈ ਖ਼ਿਲਾਫ਼ ਕਾਰਵਾਈ ਕਰਵਾਈ ਜਾਵੇਗੀ | ਜ਼ਿਕਰਯੋਗ ਹੈ ਕਿ ਨਗਰ ਕੌਂਸਲ ਵਲੋਂ ਪਾਏ ਗਏ ਇਕ ਮਤੇ ਸਬੰਧੀ ਪਹਿਲਾਂ ਵੀ ਇਹ ਗੱਲ ਸਾਹਮਣੇ ਆਈ ਸੀ ਕਿ ਕੁਝ ਮਤੇ ਮੈਂਬਰਾਂ ਦੇ ਦਸਤਖ਼ਤ ਕਰਵਾਉਣ ਤੋਂ ਬਾਅਦ ਲਿਖੇ ਜਾਂਦੇ ਹਨ ਜਿਨ੍ਹਾਂ ਸਬੰਧੀ ਕੌਂਸਲਰਾਂ ਨੂੰ ਗਿਆਨ ਵੀ ਨਹੀਂ ਹੁੰਦਾ | ਹੁਣ ਫਿਰ ਅਜਿਹਾ ਹੀ ਮਾਮਲਾ ਸਾਹਮਣੇ ਆਉਣ ਨਾਲ ਨਗਰ ਕੌਂਸਲ ਬਰਨਾਲਾ ਵਲੋਂ ਕੌਂਸਲਰਾਂ ਦੇ ਦਸਤਖ਼ਤ ਕਰਵਾਉਣ ਤੋਂ ਬਾਅਦ ‘ਆਊਟ ਆਫ਼ ਏਜੰਡਾ’ ਪਾਏ ਗਏ ਮਤੇ ਨੇ ਕਈ ਤਰ੍ਹਾਂ ਸਵਾਲ ਖੜ੍ਹੇ ਕਰ ਦਿੱਤੇ ਹਨ ਜਿਨ੍ਹਾਂ ਸਬੰਧੀ ਕੌਂਸਲਰਾਂ ਨੂੰ ਭਵਿੱਖ ਵਿਚ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਤਾਂ ਜੋ ਉਹਨਾਂ ਦੇ ਅੱਖੀਂ ਘੱਟਾ ਪਾ ਕੇ ਮਲਾਈ ਨਾ ਛੱਕ ਲਈ ਜਾਵੇ




