ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਨੂੰ ਸੋਮਵਾਰ ਨੂੰ ਦਿੱਤਾ ਪੈਨਲ ਮੀਟਿੰਗ ਕਰਨ ਦਾ ਸੱਦਾ

ਮੋਗਾ, ਪਟਿਆਲਾ, (ਗੌਰਵ ਜੋਸ਼ੀ) : ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਵੱਲੋਂ 24 ਜੁਲਾਈ ਤੋਂ ਸਾਰੇ ਜਿਲ੍ਹਾ ਹੈਡਕੁਆਰਟਰਾਂ ਤੇ ਭੁੱਖ ਹੜਤਾਲ ਕਰਨ ਉਪਰੰਤ 7 ਅਗਸਤ ਨੂੰ ਪਟਿਆਲਾ ਵਿਖੇ ਵਿਸ਼ਾਲ ਰੈਲੀ ਕਰਨ ਉਪਰੰਤ ਮੋਤੀ ਮਹਿਲ ਦਾ ਘਿਰਾਓ ਕੀਤਾ ਗਿਆ, ਜਿਸ ਵਿੱਚ ਪੰਜਾਬ ਭਰ ਤੋਂ ਹਜਾਰਾਂ ਦੀ ਗਿਣਤੀ ਵਿੱਚ ਇਕੱਤਰ ਹੋਏ ਸਿਹਤ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦੀਆਂ ਚੂਲਾਂ ਹਿਲਾ ਕੇ ਰੱਖ ਦਿੱਤੀਆਂ ਅਤੇ ਰੈਲੀ ਨਾ ਕਰਨ ਦੇਣ ਤੇ ਬਜਿੱਦ ਸਰਕਾਰ ਨੂੰ ਝੁਕਣ ਲਈ ਮਜਬੂਰ ਕਰ ਦਿੱਤਾ। ਜਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਇਸ ਰੈਲੀ ਨੂੰ ਫਲਾਪ ਕਰਨ ਲਈ ਹਰ ਹੀਲਾ ਵਰਤਿਆ। ਪਹਿਲਾਂ ਡੀ ਸੀ ਪਟਿਆਲਾ ਦੇ ਰਾਹੀਂ ਰੈਲੀ ਦੀ ਮਨਜੂਰੀ ਰੱਦ ਕਰਵਾਈ, ਫਿਰ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਰੇਡ ਕਰਵਾਈ ਤੇ ਪੁਡਾ ਗਰਾਊਂਡ ਵਿੱਚ ਟੈਂਟ ਉਖਾੜ ਦਿੱਤਾ ਤੇ ਸਪੀਕਰ ਲਗਾਉਣ ਦੀ ਇਜਾਜ਼ਤ ਨਹੀਂ ਦਿੱਤੀ ਪਰ ਫਿਰ ਵੀ ਸਰਕਾਰ ਦੇ ਹਰ ਵਾਰ ਨੂੰ ਫੇਲ ਕਰਦਿਆਂ ਪੰਜਾਬ ਭਰ ਤੋਂ ਹਜਾਰਾਂ ਦੀ ਗਿਣਤੀ ਵਿੱਚ ਮਲਟੀਪਰਪਜ ਕਾਮੇ ਪੁੱਡਾ ਗਰਾਊੰਡ ਪਹੁੰਚਣ ਵਿੱਚ ਕਾਮਯਾਬ ਰਹੇ। ਸੰਘਰਸ਼ ਕਮੇਟੀ ਦੇ ਕਨਵੀਨਰ ਕੁਲਬੀਰ ਸਿੰਘ ਢਿੱਲੋਂ, ਨਿੰਦਰ ਕੌਰ ਮੁਕਤਸਰ, ਰੇਖਾ ਰਾਣੀ ਬਠਿੰਡਾ ਅਤੇ ਕਿਰਨਜੀਤ ਕੌਰ ਮੁਹਾਲੀ ਦੀ ਅਗਵਾਈ ਵਿੱਚ ਪੁੱਡਾ ਗਰਾਊਂਡ ਵਿੱਚ ਹੋਈ ਵਿਸ਼ਾਲ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਉਕਤ ਬੁਲਾਰਿਆਂ ਨੇ ਦੱਸਿਆ ਕਿ ਸੰਘਰਸ਼ ਕਮੇਟੀ ਦੇ ਸੱਦੇ ਤੇ ਜੁਲਾਈ ਮਹੀਨੇ ਦੌਰਾਨ ਸਿਵਲ ਸਰਜਨਾਂ, ਡਿਪਟੀ ਕਮਿਸ਼ਨਰਾਂ, ਸੱਤਾ ਧਿਰ ਅਤੇ ਵਿਰੋਧੀ ਧਿਰ ਦੇ ਆਗੂਆਂ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜ ਕੇ ਕੰਟਰੈਕਟ ਤੇ ਕੰਮ ਕਰ ਰਹੀਆਂ ਮਲਟੀਪਰਪਜ ਹੈਲਥ ਵਰਕਰ ਫੀਮੇਲ ਨੂੰ ਪੱਕੇ ਕਰਨ, 1263 ਮਲਟੀਪਰਪਜ ਹੈਲਥ ਵਰਕਰ ਮੇਲ ਦਾ ਪ੍ਰੋਬੇਸ਼ਨ ਪੀਰੀਅਡ ਖਤਮ ਕਰਨ ਅਤੇ ਕੋਵਿਡ 19 ਦੌਰਾਨ ਫਰੰਟਲਾਈਨ ਤੇ ਕੰਮ ਕਰਨ ਵਾਲੇ ਸਮੁੱਚੇ ਸਟਾਫ ਨੂੰ ਸਪੈਸ਼ਲ ਇੰਕਰੀਮੈਂਟ ਦੇਣ ਦੀ ਮੰਗ ਕੀਤੀ ਸੀ ਤੇ ਉਸ ਤੋਂ ਬਾਅਦ 24 ਜੁਲਾਈ ਤੋਂ 6 ਅਗਸਤ ਤੱਕ ਸਾਰੇ ਜਿਲ੍ਹਾ ਹੈਡਕੁਆਰਟਰਾਂ ਤੇ ਲੜੀਵਾਰ ਭੁੱਖ ਹੜਤਾਲ ਕੀਤੀ ਗਈ ਪਰ ਸਰਕਾਰ ਨੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਸਿਹਤ ਮੁਲਾਜ਼ਮਾਂ ਦੀ ਕਿਸੇ ਵੀ ਮੰਗ ਤੇ ਗੌਰ ਕਰਨਾ ਮੁਨਾਸਿਬ ਨਹੀਂ ਸਮਝਿਆ ਤੇ 7 ਅਗਸਤ ਦੀ ਰੈਲੀ ਅਤੇ ਮੋਤੀ ਮਹਿਲ ਦੇ ਘਿਰਾਓ ਨੂੰ ਅਸਫਲ ਕਰਨ ਲਈ ਹਰ ਹੀਲਾ ਵਰਤਿਆ। ਉਹਨਾਂ ਕਿਹਾ ਕਿ ਕੈਪਟਨ ਸਰਕਾਰ ਹਰ ਫਰੰਟ ਤੇ ਬੂਰੀ ਤਰ੍ਹਾਂ ਫੇਲ੍ਹ ਸਾਬਿਤ ਹੋਈ ਹੈ ਤੇ ਹੁਣ ਕਰੋਨਾ ਮਹਾਂਮਾਰੀ ਦੌਰਾਨ ਵੀ ਸਰਕਾਰ ਲੋਕਾਂ ਨੂੰ ਕੁੱਟਣ ਅਤੇ ਲੁੱਟਣ ਤੋਂ ਇਲਾਵਾ ਐਪੀਡੈਮਿਕ ਐਕਟ ਦਾ ਸਹਾਰਾ ਲੈ ਕੇ ਲੋਕਾਂ ਦੀ ਜੁਬਾਨਬੰਦੀ ਕਰਕੇ ਉਹਨਾਂ ਦੇ ਅਧਿਕਾਰਾਂ ਤੇ ਡਾਕੇ ਮਾਰ ਕੇ ਆਪਣੇ ਖਜਾਨੇ ਭਰਨ ਲੱਗੀ ਹੋਈ ਹੈ। ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਸੀਟੂ ਪੰਜਾਬ ਦੇ ਪ੍ਰਧਾਨ ਮਹਾਂ ਸਿੰਘ ਰੌੜੀ, ਜਨਰਲ ਸਕੱਤਰ ਕਾਮਰੇਡ ਰਘੁਨਾਥ ਸਿੰਘ, ਗਗਨਦੀਪ ਬਠਿੰਡਾ, ਮਹਿੰਦਰ ਪਾਲ ਲੂੰਬਾ ਮੋਗਾ, ਗੂਰਵੀਰ ਸਿੰਘ ਤਰਨਤਾਰਨ, ਪੈਰਾਮੈਡੀਕਲ ਆਗੂ ਰਵਿੰਦਰ ਲੂਥਰਾ, ਰਾਜ ਕੁਮਾਰ ਮੋਗਾ, ਕੇਵਲ ਮਾਨਸਾ, ਦਲਜੀਤ ਕੌਰ ਪਟਿਆਲਾ, ਸੱਤਪਾਲ ਫਿਰੋਜ਼ਪੁਰ, ਗੁਰਮੀਤ ਕੌਰ ਫਰੀਦਕੋਟ, ਗੁਰਪ੍ਰੀਤ ਸ਼ਹਿਣਾ, ਰਜਿੰਦਰ ਕੌਰ ਅਤੇ ਨਵਪ੍ਰੀਤ ਕੌਰ ਮੁਕਤਸਰ, ਟਹਿਲ ਸਿੰਘ ਫਾਜਿਲਕਾ, ਸੁਖਬੀਰ ਸਿੰਘ ਰੋਪੜ, ਸੁਖਵਿੰਦਰ ਦੋਦਾ, ਸੁਖਦੇਵ ਸਿੰਘ ਸੈਣੀ, ਸ਼ੀਸਨ ਕੁਮਾਰ, ਮੱਖਣ ਸਿੰਘ, ਸਰਬਜੀਤ ਕੌਰ ਜਲੰਧਰ, ਜਸਵਿੰਦਰ ਹੁਸ਼ਿਆਰਪੁਰ, ਜਸਵਿੰਦਰ ਸਿੰਘ ਪ੍ਰਧਾਨ ਅਤੇ ਹਰਮਿੰਦਰ ਪਾਲ ਫਤਿਹਗੜ੍ਹ ਸਾਹਿਬ ਨੇ ਕਿਹਾ ਸਰਕਾਰ ਕਰੋਨਾ ਦੀ ਆੜ ਵਿਚ ਇੱਕ ਗਿਣੀ ਮਿਥੀ ਸਾਜਿਸ਼ ਦੇ ਤਹਿਤ ਸਿਹਤ ਵਿਭਾਗ ਸਮੇਤ ਸਾਰੇ ਵਿਭਾਗਾਂ ਨੂੰ ਖਤਮ ਕਰਨ ਤੇ ਤੁਲੀ ਹੋਈ ਹੈ, ਜਿਸ ਨੂੰ ਬਰਦਾਸ਼ਤ ਕਰਨਾ ਮੁਸ਼ਕਿਲ ਹੈ। ਉਹਨਾਂ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਮੰਗਾਂ ਦੀ ਪ੍ਰਾਪਤੀ ਤੱਕ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ ਤੇ ਇਸ ਨੂੰ ਹੋਰ ਪ੍ਰਚੰਡ ਰੂਪ ਦੇ ਕੇ ਸਰਕਾਰ ਦੇ ਨੱਕ ਵਿੱਚ ਦਮ ਕਰਕੇ ਸਾਰੇ ਸਰਕਾਰ ਦੇ ਮਨਸੂਬਿਆਂ ਨੂੰ ਫੇਲ ਕੀਤਾ ਜਾਵੇਗਾ। ਰੈਲੀ ਉਪਰੰਤ ਲਗਭਗ ਇੱਕ ਵਜੇ ਸਿਹਤ ਕਾਮਿਆਂ ਨੇ ਮੋਤੀ ਮਹਿਲ ਵੱਲ ਕੂਚ ਕੀਤਾ। ਸੜਕਾਂ ਤੇ ਸਿਹਤ ਮੁਲਾਜ਼ਮਾਂ ਦਾ ਸੈਲਾਬ ਦੇਖ ਕੇ ਪ੍ਰਸਾਸ਼ਨ ਦੇ ਹੋਸ਼ ਉੱਡ ਗਏ। ਕਹਿਰ ਦੀ ਗਰਮੀ ਅਤੇ ਕੜਕਦੀ ਧੁੱਪ ਵਿੱਚ ਤਿੰਨ ਕਿਲੋਮੀਟਰ ਲੰਬੇ ਮਾਰਚ ਦੌਰਾਨ ਬਹੁਤ ਸਾਰੀਆਂ ਔਰਤ ਮੁਲਾਜ਼ਮ ਬੇਹੋਸ਼ ਹੋ ਕੇ ਡਿੱਗ ਪਈਆਂ ਤੇ ਸੂਬਾਈ ਆਗੂ ਸੁਖਦੇਵ ਸਿੰਘ ਸੈਣੀ ਨੂੰ ਦਿਲ ਦਾ ਦੌਰਾ ਪੈ ਗਿਆ, ਜਿਨ੍ਹਾਂ ਨੂੰ ਸੰਘਰਸ਼ ਕਮੇਟੀ ਵਲੋਂ ਅਪਣੇ ਪੱਧਰ ਤੇ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ। ਪ੍ਰਸਾਸ਼ਨ ਦੇ ਲੱਚਰ ਪ੍ਰਬੰਧ ਦੇਖ ਕੇ ਮੁਲਾਜ਼ਮਾਂ ਦਾ ਗੁੱਸਾ ਸੱਤਵੇਂ ਅਸਮਾਨ ਤੇ ਪਹੁੰਚ ਗਿਆ ਤੇ ਉਨ੍ਹਾਂ ਸਰਕਾਰ ਦੇ ਨਾਲ ਨਾਲ ਪ੍ਰਸਾਸ਼ਨ ਖਿਲਾਫ ਵੀ ਜੋਰਦਾਰ ਨਾਅਰੇਬਾਜੀ ਕੀਤੀ। ਮੁਲਾਜਮਾਂ ਦੇ ਗੁੱਸੇ ਨੂੰ ਭਾਪਦਿਆਂ ਐਸ ਡੀ ਐਮ ਪਟਿਆਲਾ ਸਮੇਤ ਸਾਰੇ ਉਚ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਮੁਲਾਜ਼ਮਾਂ ਦੇ ਗੁੱਸੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਮੁਲਾਜਮ ਪੈਨਲ ਮੀਟਿੰਗ ਦੀ ਮੰਗ ਕਰ ਰਹੇ ਸਨ। ਅਖੀਰ ਪ੍ਰਸਾਸ਼ਨ ਨੇ ਅਮ੍ਰਿਤਸਰ ਦੌਰੇ ਤੇ ਗਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸੰਪਰਕ ਕਰਕੇ 10 ਅਗਸਤ ਨੂੰ ਸ਼ਾਮ 3 ਵਜੇ ਸਕੱਤਰੇਤ ਭਵਨ ਚੰਡੀਗੜ੍ਹ ਵਿਖੇ ਪੈਨਲ ਮੀਟਿੰਗ ਦਾ ਲਿਖਤੀ ਪੱਤਰ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਸੌਂਪਿਆ। ਇਸ ਤੋਂ ਬਾਅਦ ਕਨਵੀਨਰ ਕੁਲਬੀਰ ਸਿੰਘ ਢਿੱਲੋਂ ਨੇ ਐਲਾਨ ਕੀਤਾ ਕਿ ਹਾਲੇ ਰਿਪੋਰਟਾਂ ਦਾ ਬਾਈਕਾਟ ਜਾਰੀ ਰਹੇਗਾ ਤੇ ਜੇਕਰ ਸੋਮਵਾਰ ਦੀ ਮੀਟਿੰਗ ਵਿੱਚ ਕੋਈ ਪ੍ਰਾਪਤੀ ਨਹੀਂ ਹੁੰਦੀ ਤਾਂ ਉਸੇ ਦਿਨ ਅਗਲੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ, ਜਿਸ ਵਿੱਚ ਸਰਕਾਰ ਦੇ ਸਾਰੇ ਕੈਬਨਿਟ ਮੰਤਰੀਆਂ ਦੀਆਂ ਰਿਹਾਇਸ਼ਾਂ ਦੇ ਘਿਰਾਓ ਦੇ ਨਾਲ ਨਾਲ ਸਰਕਾਰ ਹੋਰ ਵੀ ਸਖਤ ਐਕਸ਼ਨਾਂ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਇਸ ਉਪਰੰਤ ਮੁਲਾਜਮਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਰਥੀ ਫੂਕ ਕੇ ਰੈਲੀ ਦੀ ਸਮਾਪਤੀ ਕੀਤੀ।






