ਸੰਗੀਤ ਵਿਚ ਬਚਪਨ ਤੋਂ ਉਨ੍ਹਾਂ ਦੀ ਦਿਲਚਸਪੀ ਉਨ੍ਹਾਂ ਨੂੰ ਇਸ ਮੁਕਾਮ ’ਤੇ ਲੈ ਕੇ ਆਈ ਹੈ।

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਲੇਖਕ ਤੇ ਸ਼ਾਇਰ ਸੁਖਵਿੰਦਰ ਰਾਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕ ਨਵੇਂ ਤੇ ਅਰਥਪੂਰਣ ਗੀਤ ਰਾਹੀਂ ਉਹ ਮਾਨਸਾ ਸ਼ਹਿਰ ਦੀ ਇਕ ਨਵੀਂ ਫੀਮੇਲ ਆਵਾਜ਼ ਨੂੰ ਲੋਕਾਂ ਦੇ ਰੂ-ਬ-ਰੂ ਕਰਨ ਜਾ ਰਹੇ ਹਨ, ਜਿਸ ਦਾ ਨਾਮ ਹੈ ਰਾਜਭੁਪਿੰਦਰ। ਰਾਜਭੁਪਿੰਦਰ ਯਾਦਵਿੰਦਰਾ ਕਾਲਜ ਤਲਵੰਡੀ ਸਾਬੋ ਵਿਖੇ ਸਹਾਇਕ ਪ੍ਰੋਫੈਸਰ ਦੇ ਤੌਰ ਤੇ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ ਅਤੇ ਸੰਗੀਤ ਵਿਚ ਬਚਪਨ ਤੋਂ ਉਨ੍ਹਾਂ ਦੀ ਦਿਲਚਸਪੀ ਉਨ੍ਹਾਂ ਨੂੰ ਇਸ ਮੁਕਾਮ ’ਤੇ ਲੈ ਕੇ ਆਈ ਹੈ।
ਗੀਤ ਦੇ ਸਬੰਧ ਵਿਚ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਗੀਤ ਦਾ ਟਾਈਟਲ ਹੈ ’ਖਫ਼ਾ’, ਜੋ ਕਿ ਇਕ ਮੁੰਡੇ ਕੁੜੀ ਵਿਚਲੀ ਸਾਂਝ ਦੀ ਅਜਿਹੀ ਕਹਾਣੀ ਨੂੰ ਬਿਆਨ ਕਰਦਾ ਹੈ ਜਿਸ ਵਿਚ ਦੋਵਾਂ ਵਿਚ ਨਾਰਾਜ਼ਗੀ ਹੈ ਪ੍ਰੰਤੂ ਉਹ ਇਹ ਗੱਲ ਜੱਗ ਜ਼ਾਹਰ ਨਹੀਂ ਕਰਨਾ ਚਾਹੁੰਦੇ। ਇਸ ਦੌਰਾਨ ਉਨ੍ਹਾਂ ਦੇ ਮਨ ਅੰਦਰ ਕੀ ਵਲਵਲੇ ਚਲਦੇ ਨੇ। ਕਿਉਂਕਿ ਉਨ੍ਹਾਂ ਦੀ ਸਾਂਝ, ਉਨ੍ਹਾਂ ਦਾ ਪਿਆਰ ਲੋਕਾਂ ਲਈ ਮਿਸਾਲ ਸੀ, ਇਸ ਕਰਕੇ ਉਹ ਚਹੁੰਦੇ ਨੇ ਕਿ ਉਨ੍ਹਾਂ ਦੀ ਨਾਰਾਜ਼ਗੀ ਜੱਗ ਜ਼ਾਹਰ ਨਾ ਹੋਵੇ ਤਾਂ ਜੋ ਉਹ ਲੋਕਾਂ ਅੱਗੇ ਤਮਾਸ਼ਾ ਨਾ ਬਣ ਜਾਣ।
ਸੁਖਵਿੰਦਰ ਨੇ ਦੱਸਿਆ ਕਿ ਗੀਤ ਉਸ ਦਾ ਆਪਣਾ ਲਿਖਿਆ ਹੈ, ਗਾਇਆ ਰਾਜਭੁਪਿੰਦਰ ਨੇ ਹੈ ਅਤੇ ਸੰਗੀਤਬੱਧ ਬੀਟ ਕਰੂਜ਼ਰ ਵਾਲੇ ਜਸਵਿੰਦਰ ਸਿੰਘ ਨੇ ਕੀਤਾ ਹੈ। ਉਨ੍ਹਾਂ ਵਿਸ਼ੇਸ਼ ਸਹਿਯੋਗੀ ਹਰਜੀਤ ਸਿੰਘ (ਰਾਜੂ) ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਗੀਤ ਦਾ ਵੀਡੀਓ ਦਿਲਕਸ਼ ਲੋਕੇਸ਼ਨਾਂ ’ਤੇ ਸ਼ੂਟ ਕੀਤਾ ਜਾਵੇਗਾ ਅਤੇ ਗੀਤ ਯੂਟਿਊਬ ਚੈਨਲ ’ਤੇ ਜਲਦ ਹੀ ਸ੍ਰੋਤਿਆਂ ਦੇ ਰੂ-ਬ-ਰੂ ਹੋਵੇਗਾ।





