
ਨਾਭਾ : ਨਾਭਾ ਬਲਾਕ ਦੇ ਪਿੰਡ ਬਿਰੜਵਾਲ ਦੀ ਖਿਡਾਰਣ ਮਨਜੋਤ ਕੌਰ ਨੇ ਸਬ ਜੂਨੀਅਰ ਤੀਰ ਅੰਦਾਜ਼ੀ ‘ਚ ਗੋਲਡ ਮੈਡਲ ਲੈਕੇ ਆਪਣੇ ਸਕੂਲ ਦਾ ਹੀ ਨਹੀਂ, ਸਗੋਂ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਮਹਾਰਾਸ਼ਟਰ ਅਮਰਾਵਤੀ ਵਿਖੇ ਸਬ ਜੂਨੀਅਰ ਆਰਚਰ (ਤੀਰ ਅੰਦਾਜ਼ੀ) ‘ਚ ਮਨਜੋਤ ਕੌਰ ਨੇ ਸਾਰੇ ਸੂਬਿਆਂ ਨੂੰ ਪਛਾੜ ਕੇ ਇਹ ਗੋਲਡ ਮੈਡਲ ਆਪਣੇ ਨਾਮ ਕੀਤਾ ਹੈ। ਖਿਡਾਰਣ ਮਨਜੋਤ ਕੌਰ ਨਾਭਾ ਬਲਾਕ ਦੇ ਪਿੰਡ ਰੱਖੜਾ ਦੀ ਕੈਂਬਰਿਜ ਸਕੂਲ ਵਿਖੇ ਗਿਆਰਵੀਂ ਦੀ ਵਿਦਿਆਰਥਣ ਹੈ ਅਤੇ ਉੱਥੋਂ ਹੀ ਉਸ ਨੇ ਤੀਰ ਅੰਦਾਜ਼ੀ ਖੇਡ ‘ਚ ਅਣਥੱਕ ਮਿਹਨਤ ਦੇ ਸਦਕਾ ਇਹ ਮੁਕਾਮ ਹਾਸਲ ਕੀਤਾ ਹੈ।
ਇਸ ਮੌਕੇ ਖਿਡਾਰਣ ਮਨਜੋਤ ਕੌਰ ਨੇ ਕਿਹਾ ਕਿ ਮੈਂ ਪਿੰਡ ਵਾਸੀਆਂ ਅਤੇ ਪਰਿਵਾਰ ਦਾ ਬਹੁਤ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਮੈਨੂੰ ਸਹਿਯੋਗ ਦਿੱਤਾ ਅਤੇ ਮੈਂ ਅੱਜ ਤੀਰਅੰਦਾਜ਼ੀ ਵਿੱਚ ਗੋਲਡ ਮੈਡਲ ਜਿੱਤ ਕੇ ਇਹ ਮੁਕਾਮ ਹਾਸਲ ਕੀਤਾ ਹੈ। ਮਨਜੋਤ ਕੌਰ ਨੇ ਕਿਹਾ ਕਿ ਮੇਰੀ ਇੱਛਾ ਹੈ ਕਿ ਮੈਂ ਓਲੰਪਿਕ ‘ਚ ਵੀ ਗੋਲਡ ਮੈਡਲ ਲੈ ਕੇ ਆਵਾਂ। ਮਨਜੋਤ ਕੌਰ ਨੇ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਨੌਜਵਾਨ ਪੀੜ੍ਹੀ ਜੋ ਨਸ਼ਿਆਂ ਦੀ ਦਲਦਲ ‘ਚ ਡੁੱਬੀ ਹੋਈ ਹੈ, ਉਹ ਖੇਡਾਂ ਵੱਲ ਧਿਆਨ ਦੇਵੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰੇ। ਇਸ ਮੌਕੇ ਤੇ ਖਿਡਾਰਣ ਮਨਜੋਤ ਕੌਰ ਦੀ ਮਾਤਾ ਸੰਦੀਪ ਕੌਰ ਨੇ ਕਿਹਾ ਕਿ ਅੱਜ ਮੈਂ ਬਹੁਤ ਖੁਸ਼ ਹਾਂ ਕਿ ਮੇਰੀ ਧੀ ਗੋਲਡ ਮੈਡਲ ਜਿੱਤ ਕੇ ਘਰ ਪਰਤ ਆਈ ਹੈ ਅਤੇ ਸਾਨੂੰ ਸਾਡੀ ਧੀ ਤੋਂ ਬਹੁਤ ਉਮੀਦਾਂ ਹਨ।
ਉਨ੍ਹਾਂ ਕਿਹਾ ਕਿ ਅਸੀਂ ਕਦੇ ਨਹੀਂ ਸਮਝਿਆ ਕਿ ਇਹ ਕੁੜੀ ਹੈ। ਉਨ੍ਹਾਂ ਕਿਹਾ ਕਿ ਸਾਡੀ ਧੀ ਮੁੰਡਿਆਂ ਤੋਂ ਘੱਟ ਨਹੀਂ ਹੈ। ਮੌਕੇ ਤੇ ਸਕੂਲ ਦੇ ਡੀ. ਪੀ. ਉਪਕਰਨ ਸਿੰਘ ਅਤੇ ਪਿੰਡ ਦੇ ਸਰਪੰਚ ਨਿਰਮਲ ਸਿੰਘ ਨੇ ਕਿਹਾ ਕਿ ਸਾਡੇ ਲਈ ਬਹੁਤ ਖੁਸ਼ੀ ਵਾਲੀ ਗੱਲ ਹੈਕਿ ਮਨਜੋਤ ਕੌਰ ਨੇ ਪੂਰੇ ਪੰਜਾਬ, ਪਿੰਡ, ਪਰਿਵਾਰ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ ਅਤੇ ਸਾਨੂੰ ਮਨਜੋਤ ਕੌਰ ਤੋਂ ਬਹੁਤ ਉਮੀਦਾਂ ਹਨ ਕਿ ਉਹ ਓਲੰਪਿਕ ‘ਚ ਵੀ ਪੂਰੇ ਦੇਸ਼ ਦਾ ਨਾਮ ਰੌਸ਼ਨ ਕਰੇਗੀ।





