
ਅੰਮ੍ਰਿਤਸਰ, (ਗਗਨ ਢਿੱਲੋਂ) : ਜ਼ਹਿਰੀਲੀ ਸ਼ਰਾਬ ਮਾਮਲੇ ‘ਚ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਇਕ ਵਾਰ ਫਿਰ ਕਾਂਗਰਸ ਸਰਕਾਰ ਨੂੰ ਲੰਮੇਂ ਹੱਥੀ ਲਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਕਿਹਾ ਕਿ ਕਾਂਗਰਸ ਦੇ ਮੰਤਰੀਆਂ ਕਰਕੇ ਜਿਨ੍ਹਾਂ ਲੋਕਾਂ ਦੀ ਜਾਨ ਗਈ ਹੈ ਜਾਂ ਜਿਨ੍ਹਾਂ ਦੀ ਅੱਖਾਂ ਦੀ ਰੌਸ਼ਨੀ ਗਈ ਹੈ ਉਨ੍ਹਾਂ ਨਾਲ ਕਿਸੇ ਤਰ੍ਹਾਂ ਦੀ ਵੀ ਸਰਕਾਰ ਦੀ ਕੋਈ ਹਮਦਰਦੀ ਵੇਖਣ ਨੂੰ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸਿਰਫ਼ ਸਮਾਂ ਟਪਾਅ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਕੋਲ ਮੰਗ ਉੱਠੀ ਸੀ ਕਿ ਦੋਸ਼ੀਆਂ ਖ਼ਿਲਾਫ਼ ਇਕ ਤਾਂ 302 ਦੀ ਕਾਰਵਾਈ ਕੀਤੀ ਜਾਵੇ ਅਤੇ ਮੁਆਵਜ਼ਾ ਦਿੱਤਾ ਜਾਵੇ। ਇਨ੍ਹਾਂ ਦੋਵਾਂ ਕੰਮਾਂ ‘ਚ ਸਰਕਾਰ ਫੇਲ੍ਹ ਹੋਈ ਹੈ। ਉਨ੍ਹਾਂ ਕਿਹਾ ਕਿ ਜਿਵੇਂ ਦੁਸਹਿਰਾ ਤਰਾਸਦੀ ਵਾਲੇ ਗਰੀਬ ਰੋਲੇ ਉਝ ਹੀ ਇਸ ਹਾਦਸੇ ਵਾਲੇ ਗ਼ਰੀਬਾਂ ਨੂੰ ਵੀ ਸਰਕਾਰ ਰੋਲ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦਾ ਹਾਲ ਬਹੁਤ ਮਾੜਾ ਹੈ, ਇਨ੍ਹਾਂ ਕੋਲ ਛੇਤੀ ਕਿਤੇ ਮੁਆਵਜ਼ਾਂ ਪਹੁੰਚਦਾ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੇ ਸਿਰਫ਼ ਕੇਂਦਰ ਸਰਕਾਰ ਦੀਆਂ ਸਕੀਮਾਂ ਗਿਣਵਾਈਆਂ ਹਨ ਕੀਤਾ ਕੁਝ ਨਹੀਂ। ਕਾਂਗਰਸ ਸਿਰਫ਼ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪੀੜਤ ਪਰਿਵਾਰਾਂ ਨੂੰ 20-20 ਲੱਖ ਰੁਪਏ ਦਾ ਮੁਆਵਜ਼ਾਂ ਦੇਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਨੂੰ ਕੁਝ ਰਾਹਤ ਮਿਲ ਸਕੇ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ‘ਤੇ ਵਰ੍ਹਦਿਆਂ ਕਿਹਾ ਕਿ ਹੁਣ ਤਾਂ ਬੜੇ ਜ਼ਹਿਰੀਲੀ ਸ਼ਰਾਬ ਫੜਨ ਦੇ ਪ੍ਰੈੱਸ ਨੋਟ ਕੱਢ ਦਿੱਤੇ ਹਨ ਪਰ ਪਹਿਲਾਂ ਇਹ ਕਿੱਥੇ ਸੀ। ਉਨ੍ਹਾਂ ਕਿਹਾ ਕਿ ਡੀ.ਜੀ.ਪੀ. ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹਰ ਪਿੰਡ ‘ਚ ਇਕ ਪੁਲਸ ਮੁਲਾਜ਼ਮ ਤਾਇਨਾਤ ਕੀਤਾ ਹੈ ਪਰ ਕਿ ਹੁਣ ਉਹ ਇਨ੍ਹਾਂ ਘਟਨਾਵਾਂ ਸਮੇਂ ਸੁੱਤੇ ਪਏ ਸੀ।






