16.8 C
Chandigarh

TODAY NOW NEWS

Friday, March 20, 2026
Homeਚੰਡੀਗੜ੍ਹਲੰਪੀ ਸਕਿਨ ਬੀਮਾਰੀ: ਸੂਬੇ ਦੀਆਂ ਸਾਰੀਆਂ ਗਊਸ਼ਾਲਾਵਾਂ 'ਚ ਪਸ਼ੂਆਂ ਨੂੰ ਲਾਏ ਟੀਕੇ

ਲੰਪੀ ਸਕਿਨ ਬੀਮਾਰੀ: ਸੂਬੇ ਦੀਆਂ ਸਾਰੀਆਂ ਗਊਸ਼ਾਲਾਵਾਂ ‘ਚ ਪਸ਼ੂਆਂ ਨੂੰ ਲਾਏ ਟੀਕੇ

ਪੰਜਾਬ ਵਿੱਚ ਲੰਪੀ ਸਕਿਨ ਬੀਮਾਰੀ ਦਾ ਪ੍ਰਭਾਵ ਘਟਣਾ ਸ਼ੁਰੂ, ਅਗਲੇ ਹਫ਼ਤੇ ਦੌਰਾਨ ਲਗਾਏ ਜਾਣਗੇ 10 ਲੱਖ ਟੀਕੇ: ਪ੍ਰਮੁੱਖ ਸਕੱਤਰ

ਲੰਪੀ ਸਕਿਨ ਤੇ ਅਫ਼ਰੀਕਨ ਸਵਾਈਨ ਫ਼ੀਵਰ ਸਬੰਧੀ ਸੂਬੇ ਦੇ ਅਧਿਕਾਰੀਆਂ ਨਾਲ ਵੀਡੀਓ ਕਾਨਫ਼ਰੰਸਿੰਗ

ਹੁਣ ਤੱਕ ਕਰੀਬ 5.94 ਲੱਖ ਪਸ਼ੂਆਂ ਦਾ ਟੀਕਾਕਰਨ

ਅਫ਼ਰੀਕਨ ਸਵਾਈਨ ਫ਼ੀਵਰ ਦੇ ਫੈਲਾਅ ਨੂੰ ਰੋਕਣ ਲਈ ਸਮੂਹ ਜ਼ਿਲ੍ਹਾ ਅਧਿਕਾਰੀਆਂ ਨੂੰ ਚੌਕਸ ਰਹਿਣ ਦੀ ਹਦਾਇਤ

ਚੰਡੀਗੜ੍ਹ, 27 ਅਗਸਤ: ਪੰਜਾਬ ਦੇ ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਵਿਕਾਸ ਪ੍ਰਤਾਪ ਨੇ ਅੱਜ ਇੱਥੇ ਦੱਸਿਆ ਕਿ ਲੰਪੀ ਸਕਿਨ ਬੀਮਾਰੀ ਦੀ ਰੋਕਥਾਮ ਲਈ ਮੰਤਰੀ ਸਮੂਹ ਵੱਲੋਂ ਤਿੰਨ ਦਿਨਾਂ ਦੌਰਾਨ ਸੂਬੇ ਦੀਆਂ ਸਾਰੀਆਂ ਗਊਸ਼ਾਲਾਵਾਂ ‘ਚ ਟੀਕਾਕਰਨ ਦਾ ਦਿੱਤਾ ਗਿਆ ਟੀਚਾ ਪੂਰਾ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਵਿਭਾਗ ਦੇ ਅਮਲੇ ਨੇ ਸਾਰੀਆਂ ਗਊਸ਼ਾਲਾਵਾਂ ਦਾ ਦੌਰਾ ਕਰਕੇ ਪ੍ਰਬੰਧਕਾਂ ਦੀ ਸਹਿਮਤੀ ਉਪਰੰਤ ਪਸ਼ੂਆਂ ਨੂੰ ਟੀਕੇ ਲਾਏ।

ਸੂਬੇ ‘ਚ ਫੈਲੀ ਲੰਪੀ ਸਕਿਨ ਅਤੇ ਅਫ਼ਰੀਕਨ ਸਵਾਈਨ ਫ਼ੀਵਰ ਬੀਮਾਰੀਆਂ ਸਬੰਧੀ ਸੂਬੇ ਦੇ ਸਮੂਹ ਜ਼ਿਲ੍ਹਾ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸਿੰਗ ਪਿੱਛੋਂ ਸ੍ਰੀ ਵਿਕਾਸ ਪ੍ਰਤਾਪ ਨੇ ਦੱਸਿਆ ਕਿ ਹੁਣ ਤੱਕ ਕਰੀਬ 5.94 ਲੱਖ ਪਸ਼ੂਆਂ ਦਾ ਟੀਕਾਕਰਨ ਮੁਕੰਮਲ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਅਗਲੇ ਹਫ਼ਤੇ ਦੌਰਾਨ 10 ਲੱਖ ਸਿਹਤਮੰਦ ਪਸ਼ੂਆਂ ਦੇ ਗੋਟ ਪੌਕਸ ਦੇ ਟੀਕੇ ਲਾਏ ਜਾਣਗੇ। ਉਨ੍ਹਾਂ ਦੱਸਿਆ ਕਿ ਵਿਭਾਗ ਕੋਲ ਢੁਕਵੀਂ ਮਾਤਰਾ ‘ਚ ਵੈਕਸੀਨ ਉਪਲੱਬਧ ਹੈ।

ਅਧਿਕਾਰੀਆਂ ਦੇ ਹਵਾਲੇ ਨਾਲ ਪ੍ਰਮੁੱਖ ਸਕੱਤਰ ਨੇ ਦੱਸਿਆ ਕਿ ਪੰਜਾਬ ਵਿੱਚ ਲੰਪੀ ਸਕਿਨ ਬੀਮਾਰੀ ਦਾ ਪ੍ਰਭਾਵ ਘਟਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਬੀਮਾਰੀ ਦੇ ਫੈਲਾਅ ‘ਚ ਸਥਿਰਤਾ ਆ ਰਹੀ ਹੈ ਅਤੇ ਅਗਲੇ ਦਿਨਾਂ ਦੌਰਾਨ ਇਸ ਦਾ ਪ੍ਰਭਾਵ ਹੋਰ ਘਟਣ ਦੀ ਪੂਰੀ ਸੰਭਾਵਨਾ ਹੈ।

ਮੀਟਿੰਗ ਦੌਰਾਨ ਅਫ਼ਰੀਕਨ ਸਵਾਈਨ ਫ਼ੀਵਰ ਦੇ ਫੈਲਾਅ ਨੂੰ ਰੋਕਣ ਲਈ ਅਧਿਕਾਰੀਆਂ ਨੂੰ ਚੌਕਸ ਰਹਿਣ ਦੀ ਹਦਾਇਤ ਕਰਦਿਆਂ ਸ੍ਰੀ ਵਿਕਾਸ ਪ੍ਰਤਾਪ ਨੇ ਕਿਹਾ ਕਿ ਉਹ ਆਪਣੇ ਅਧੀਨ ਖੇਤਰਾਂ ‘ਚ ਪੂਰੀ ਮੁਸਤੈਦੀ ਵਰਤਣ। ਉਨ੍ਹਾਂ ਕਿਹਾ ਕਿ ਅਧਿਕਾਰੀ ਬੀਮਾਰੀ ਦੀ ਰੋਕਥਾਮ ਲਈ “ਜਾਨਵਰਾਂ ਵਿੱਚ ਛੂਤ ਦੀਆਂ ਬੀਮਾਰੀਆਂ ਦੀ ਰੋਕਥਾਮ ਅਤੇ ਕੰਟਰੋਲ ਐਕਟ, 2009” ਅਤੇ “ਅਫ਼ਰੀਕਨ ਸਵਾਈਨ ਫ਼ੀਵਰ ਦੇ ਕੰਟਰੋਲ ਅਤੇ ਖ਼ਾਤਮੇ ਲਈ ਕੌਮੀ ਕਾਰਜ-ਯੋਜਨਾ (ਜੂਨ 2020)” ਦੀ ਹੂਬਹੂ ਪਾਲਣਾ ਯਕੀਨੀ ਬਣਾਉਣ।

ਪ੍ਰਮੁੱਖ ਸਕੱਤਰ ਨੇ ਲੋਕਾਂ ਨੂੰ ਕਿਹਾ ਕਿ ਅਫ਼ਰੀਕਨ ਸਵਾਈਨ ਫ਼ੀਵਰ ਤੋਂ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਇਹ ਬੀਮਾਰੀ ਪਸ਼ੂਆਂ ਤੋਂ ਮਨੁੱਖਾਂ ਵਿੱਚ ਨਹੀਂ ਫੈਲਦੀ।

Today Now News

RELATED ARTICLES
- Advertisment -

POPULAR POSTS