ਸੂਬੇ ‘ਚ ਜਿਸ ਤਰ੍ਹਾਂ ਨਾਲ ਖੇਤੀ ਕਾਨੂੰਨਾਂ ਨੂੰ ਲੈ ਕੇ ਭਾਜਪਾ ਦਾ ਵਿਰੋਧ ਹੋ ਰਿਹਾਹੈ, ਉਸ ਦਾ ਅਸਰ ਸਾਫ਼ ਦਿਖਾਈ ਪਿਆ ਹੈ।

ਚੰਡੀਗੜ੍ਹ (ਬਿਊਰੋ) : ਪੰਜਾਬ ਦੀਆਂ ਅੱਠ ਨਗਰ ਨਿਗਮਾਂ ਤੇ 109 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਨਤੀਜਿਆਂ ‘ਚ ਕਾਂਗਰਸ ਨੇ ਸਾਰੀਆਂ ਵਿਰੋਧੀ ਪਾਰਟੀਆਂ ਦਾ ਸਫ਼ਾਇਆ ਕਰ ਦਿੱਤਾ ਹੈ। ਵਿਧਾਨ ਸਭਾ ‘ਚ ਪ੍ਰਮੁੱਖ ਵਿਰੋਧੀ ਪਾਰਟੀ ਆਮ ਆਦਮੀ ਪਾਰਟੀ ਨੂੰ ਤਗੜਾ ਝਟਕਾ ਲੱਗਾ ਹੈ। ਪੂਰੇ ਸੂਬੇ ‘ਚ ਇਕ ਵੀ ਨਗਰ ਕੌਂਸਲ, ਨਗਰ ਪੰਚਾਇਤ ‘ਤੇ ਪਾਰਟੀ ਜਿੱਤ ਨਹੀਂ ਸਕੀ। ਜਦਕਿ ਦੂਜੇ ਪਾਸੇ ਤਕੜੀ ਬਿਨਾਂ ਕਮਲ ਵੀ ਮੁਰਝਾਉਂਦਾ ਨਜ਼ਰ ਆਇਆ। ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਪਹਿਲੀ ਵਾਰੀ ਵੱਖ-ਵੱਖ ਹੋ ਕੇ ਚੋਣ ਲੜ ਰਹੇ ਸਨ। ਦੋਵੇਂ ਹੀ ਪਾਰਟੀਆਂ ਦੀ ਕਾਫ਼ੀ ਬੁਰੀ ਹਾਲਤ ਹੋਈ ਹੈ। ਇੱਥੋਂ ਤਕ ਕਿ ਜਿਨ੍ਹਾਂ ਜ਼ਿਲਿ੍ਹਆਂ ਜਾਂ ਸ਼ਹਿਰਾਂ ‘ਚ ਪਾਰਟੀਆਂ ਦਾ ਗੜ੍ਹ ਸੀ, ਉਹ ਟੁੱਟਦਾ ਨਜ਼ਰ ਆਇਆ। ਸ਼੍ਰੋਮਣੀ ਅਕਾਲੀ ਦਲ ਤਾਂ ਕਿਤੇ ਫਿਰ ਵੀ ਇੱਜ਼ਤ ਬਚਾਉਂਦਾ ਨਜ਼ਰ ਆਇਆ ਹੈ ਪਰ ਭਾਜਪਾ ਲਈ ਚੋਣ ਨਤੀਜੇ ਚੰਗੀ ਖਬਰ ਨਹੀਂ ਲਿਆਏ। ਖ਼ਾਸ ਤੌਰ ‘ਤੇ ਪਠਾਨਕੋਟ, ਸੁਜਾਨਪੁਰ, ਬਟਾਲਾ ਤੇ ਅਬੋਹਰ ਵਰਗੇ ਭਾਜਪਾ ਦੇ ਗੜ੍ਹ ‘ਚੋਂ ਵੀ ਪਾਰਟੀ ਨੂੰ ਆਂਸ਼ਕ ਕਾਮਯਾਬੀ ਵੀ ਮਿਲਦੀ ਦਿਖਾਈ ਨਹੀਂ ਪੈ ਰਹੀ। ਸੂਬੇ ‘ਚ ਜਿਸ ਤਰ੍ਹਾਂ ਨਾਲ ਖੇਤੀ ਕਾਨੂੰਨਾਂ ਨੂੰ ਲੈ ਕੇ ਭਾਜਪਾ ਦਾ ਵਿਰੋਧ ਹੋ ਰਿਹਾਹੈ, ਉਸ ਦਾ ਅਸਰ ਸਾਫ਼ ਦਿਖਾਈ ਪਿਆ ਹੈ। ਸੂਬੇ ਦੇ ਕੁਲ 2165 ਵਾਰਡ, ਜਿਨ੍ਹਾਂ ਦਾ ਨਤੀਜਾ ਅੱਜ ਐਲਾਨਿਆ ਗਿਆ, ਉਨ੍ਹਾਂ ‘ਚੋਂ ਕਾਂਗਰਸ ਨੂੰ ਕੁਲ 1484 ਵਾਰਡਾਂ ‘ਚ ਜਿੱਤ ਹਾਸਲ ਹੋਈ ਹੈ, ਜਦਕਿ ਦੂਜੇ ਨੰਬਰ ‘ਤੇ ਰਹੇ ਅਕਾਲੀ ਦਲ ਨੂੰ 294, ਆਮ ਆਦਮੀ ਪਾਰਟੀ 57 ਵਾਰਡਾਂ ‘ਚ ਹੀ ਕਾਮਯਾਬੀ ਹਾਸਲ ਕਰ ਸਕੀ। ਭਾਜਪਾ ਚੌਥੇ ਨੰਬਰ ‘ਤੇ ਰਹੀ। ਉਨ੍ਹਾਂ ਨੂੰ 49 ਵਾਰਡ ਮਿਲੇ। 250 ਆਜ਼ਾਦ ਉਮੀਦਵਾਰਾਂ ਨੇ ਵੀ ਸਫਲਤਾ ਹਾਸਲ ਕੀਤੀ। ਕਾਂਗਰਸ ਨੂੰ 109 ਨਗਰ ਕੌਂਸਲਾਂ ‘ਚੋਂ 87 ‘ਚ ਸਪੱਸ਼ਟ ਬਹੁਮਤ ਮਿਲ ਗਿਆ। ਕਾਦੀਆਂ, ਮਜੀਠਾ, ਨਥਾਣਾ, ਅਜਨਾਲਾ, ਨਯਾਗਾਓਂ ਤੇ ਜੋਗਾ ਨਗਰ ਕੌਂਸਲਾਂ ਤੇ ਪੰਚਾਇਤਾਂ ‘ਚ ਪਾਰਟੀ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਅੱਠ ਨਗਰ ਨਿਗਮਾਂ ‘ਚ ਛੇ ਨਗਰ ਨਿਗਮਾਂ ਪਾਰਟੀ ਦੇ ਖਾਤੇ ‘ਚ ਆ ਗਈਆਂ। ਮੋਗਾ ‘ਚ ਪਾਰਟੀ 26 ਦਾ ਜਾਦੂਈ ਅੰਕੜਾ ਛੋਹ ਨਹੀਂ ਸਕੀ ਜਦਕਿ ਮੋਹਾਲੀ ‘ਚ ਹਾਲੇ ਵੋਟਾਂ ਦੀ ਗਿਣਤੀ ਹੋਣੀ ਹੈ। ਪਿਛਲੀਆਂ ਸਥਾਨਕ ਚੋਣਾਂ ‘ਚ ਭਾਜਪਾ ਨੂੰ ਆਪਣੇ ਦਮ ‘ਤੇ ਅੱਠ ਨਗਰ ਕੌਂਸਲਾਂ ‘ਚ ਜਿੱਤ ਹਾਸਲ ਕਰਨ ਦਾ ਮੌਕਾ ਮਿਲ ਗਿਆ ਸੀ ਜਦਕਿ ਅਕਾਲੀ ਦਲ ਤੇ ਭਾਜਪਾ ਨੇ ਮਿਲ ਕੇ 27 ‘ਚ ਜਿੱਤ ਹਾਸਲ ਕੀਤੀ। ਪੂਰੇ ਸੂਬੇ ‘ਚ ਛੋਟੀਆਂ-ਵੱਡੀਆਂ ਨਗਰ ਪਾਲਿਕਾਵਾਂ ਤੇ ਨਗਰ ਨਿਗਮਾਂ ‘ਚ ਭਾਰੀ ਜਿੱਤ ਵੱਲ ਵੱਧ ਰਹੀ ਪਾਰਟੀ ਨੂੰ ਮੋਗਾ ਨਗਰ ਨਿਗਮ ‘ਚ ਝਟਕਾ ਲੱਗਾ ਹੈ। ਇੱਥੋਂ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ। ਨਾਲ ਹੀ ਸਥਾਨਕ ਵਿਧਾਇਕ ਡਾ. ਹਰਜੋਤ ਕਮਲ ਆਪਣੀ ਪਤਨੀ ਦੀ ਸੀਟ ਵੀ ਨਹੀਂ ਬਚਾ ਸਕੇ। ਚਮਕੌਰ ਸਾਹਿਬ ‘ਚ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਭਰਾ ਸੁਖਵੰਤ ਸਿੰਘ ਚੋਣ ਹਾਰ ਗਏ। ਇਸੇ ਤਰ੍ਹਾਂ ਹੁਸ਼ਿਆਰਪੁਰ ‘ਚ ਵੀ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਤੀਕਸ਼ਣ ਸੂਦ ਵੀ ਆਪਣੀ ਪਤਨੀ ਦੀ ਸੀਟ ਨਹੀਂ ਬਚਾ ਸਕੇ।






