ਅੱਗ ਨੂੰ ਕਾਬੂ ਕਰਨ ਲਈ ਵੱਡੇ ਪੱਧਰ ਤੇ ਲੱਗੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ

ਸ੍ਰੀ ਮੁਕਤਸਰ ਸਾਹਿਬ (ਅਨਮੋਲ ਸਿੰਘ ਵੜਿੰਗ) :- ਸ੍ਰੀ ਮੁਕਤਸਰ ਸਾਹਿਬ ਵਿਖੇ ਕੁੱਝ ਹਲਕੀ ਬਾਰਸ਼ ਸ਼ੁਰੂ ਹੋਈ ਤਾਂ ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਗੁਲਾਬੇਵਾਲਾ ਵਿਖੇ ਮਾਲਵਾ ਪਾਵਰ ਪਲਾਂਟ ਵਿਖੇ ਅਸਮਾਨੀ ਬਿਜਲੀ ਡਿੱਗਣ ਨਾਲ ਬਿਜਲੀ ਬਣਾਉਣ ਲਈ ਜਮ੍ਹਾਂ ਕੀਤੀਆਂ ਪਰਾਲੀ ਦੀਆਂ ਗੱਠਾਂ ਨੂੰ ਅੱਗ ਲੱਗੀ। ਜਿਸ ਨਾਲ ਵੱਡੇ ਪੱਧਰ ਤੇ ਲੱਗੀ ਅੱਗ ਕਾਰਨ ਲੱਖਾਂ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਇਸ ਸਮੇਂ ਮੁਕਤਸਰ ਫ਼ਰੀਦਕੋਟ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲਗਾਤਾਰ ਅੱਗ ਬੁਝਾਉਣ ਵਿੱਚ ਲੱਗੀਆਂ ਹੋਈਆਂ ਹਨ। ਪਰ ਅਜੇ ਤੱਕ ਨੁਕਸਾਨ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ। ਮਾਲਵਾ ਪਾਵਰ ਪਲਾਂਟ ਦੇ ਮਾਲਕ ਬੀ ਐਸ ਜਗਨਨਾਥ ਇਸ ਅੱਗ ਦਾ ਕਾਰਨ ਅਸਮਾਨੀ ਬਿਜਲੀ ਨੂੰ ਦੱਸਿਆ ਹੈ। ਮਾਲਵਾ ਪਾਵਰ ਪਲਾਂਟ ਦਾ ਆਪਣਾ ਸਾਰਾ ਅਮਲਾ ਅੱਗ ਬੁਝਾਉਣ ਦੀ ਕੋਸ਼ਿਸ਼ ਵਿੱਚ ਲੱਗਿਆ ਹੋਇਆ ਹੈ। ਜੇ ਸੀ ਬੀ ਦੀ ਸਹਾਇਤਾ ਨਾਲ ਬਾਕੀ ਹੋਰ ਥਾਵਾਂ ਤੇ ਅੱਗ ਨਾ ਫੈਲੇ ਖਾਈਆਂ ਪੁੱਟੀਆਂ ਜਾ ਰਹੀਆਂ ਹਨ। ਮੌਕੇ ਤੇ ਫਾਇਰ ਅਫਸਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਅੱਗ ਬੜੀ ਭਿਆਨਕ ਹੈ ਪਰ ਕਾਬੂ ਪਾਇਆ ਜਾ ਰਿਹਾ ਹੈ। ਅੱਗ ਦੇ ਕਾਰਨ ਦਾ ਅਜੇ ਤਕ ਪਤਾ ਲਗ ਨਹੀਂ ਸਕਿਆ।






