ਬਠਿੰਡਾ: ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ ਤੋਂ ਬਾਅਦ ਪੰਜਾਬ ਵਿੱਚ ਸੁਰੱਖਿਆ ਸਬੰਧੀ ਮੁੱਦਾ ਜਿੱਥੇ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਉੱਥੇ ਹੀ ਪੰਜਾਬ ਸਰਕਾਰ ਚੁੱਪ ਚੁਪੀਤੇ ਉਨ੍ਹਾਂ ਵਿਅਕਤੀਆਂ ਨੂੰ ਸੁਰੱਖਿਆ ਵਾਪਸ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਨ੍ਹਾਂ ਕੋਲੋਂ ਸੁਰੱਖਿਆ ਵਾਪਸ ਲਈ ਗਈ ਸੀ।
ਦੱਸ ਦਈਏ ਕਿ ਬਠਿੰਡਾ ਦੇ ਹਲਕਾ ਮੌੜ ਮੰਡੀ ਤੋਂ ਵਿਧਾਇਕ ਰਹੇ ਜਗਦੇਵ ਸਿੰਘ ਕਮਾਲੂ ਜੋ ਕਿ ਪਿਛਲੇ ਕਰੀਬ ਇਕ ਹਫ਼ਤੇ ਤੋਂ ਬਿਨਾਂ ਸੁਰੱਖਿਆ ਦੇ ਰਹਿ ਰਹੇ ਸੀ, ਉਨ੍ਹਾਂ ਨੂੰ ਸਿੱਧੂ ਮੂਸੇਵਾਲਾ ਦੇ ਭੋਗ ’ਤੇ ਜਾਣ ਲਈ ਤੋਂ ਪਹਿਲਾਂ ਇਕ ਗੰਨਮੈਨ ਵਾਪਸ ਦੇ ਦਿੱਤਾ ਗਿਆ ਸੁਰੱਖਿਆ ਦੇ ਮਾਮਲੇ ’ਤੇ ਬੁਰੀ ਤਰ੍ਹਾਂ ਘਿਰੀ ਪੰਜਾਬ ਸਰਕਾਰ ਵੱਲੋਂ ਮੁੜ ਤੋਂ ਉਨ੍ਹਾਂ ਲੋਕਾਂ ਨੂੰ ਸੁਰੱਖਿਆ ਉਪਲੱਬਧ ਕਰਵਾਈ ਜਾ ਰਹੀ ਹੈ।ਸਾਬਕਾ ਵਿਧਾਇਕ ਦੇ ਦੋਵੇਂ ਗੰਨਮੈਨ ਵਾਪਸ ਲਏ: ਬਠਿੰਡਾ ਦੇ ਹਲਕਾ ਮੌੜ ਮੰਡੀ ਤੋਂ ਆਮ ਆਦਮੀ ਪਾਰਟੀ ਦੀ ਚੋਣ ਲੜ ਵਿਧਾਇਕ ਬਣਨ ਵਾਲੇ ਜਗਦੇਵ ਸਿੰਘ ਕਮਾਲੂ ਜੋ ਕਿ ਬਾਅਦ ਵਿੱਚ ਸੁਖਪਾਲ ਸਿੰਘ ਖਹਿਰਾ ਨਾਲ ਕਾਂਗਰਸ ਵਿੱਚ ਸ਼ਾਮਲ ਹੋ ਗਏ ਸੀ ਦੀ ਐੱਮਐੱਲਏ ਸ਼ਿਪ ਖਤਮ ਹੋਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਪ੍ਰੋਟੋਕੋਲ ਦੇ ਹਿਸਾਬ ਨਾਲ ਦੋ ਗੰਨਮੈਨ ਦਿੱਤੇ ਗਏ ਸੀ, ਪਰ ਪਿਛਲੇ ਦਿਨੀਂ ਜਗਦੇਵ ਸਿੰਘ ਕਮਾਲੂ ਤੋਂ ਇਹ ਦੋ ਗੰਨਮੈਨ ਵੀ ਵਾਪਸ ਲੈ ਲਏ ਗਏ ਅਤੇ ਕਈ ਦਿਨ ਜਗਦੇਵ ਸਿੰਘ ਕਮਾਲੂ ਸਾਬਕਾ ਵਿਧਾਇਕ ਬਿਨਾਂ ਸੁਰੱਖਿਆ ਦੇ ਹੀ ਵਿਚਰਦੇ ਰਹੇ ਹਨ।





