17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਏਫਰੇਸਿਸ ਮਸ਼ੀਨ ਨਾ ਹੋਣ ਕਾਰਨ ਡੇੰਗੂ ਮਰੀਜ ਲੁੱਟ ਕਰਵਾਉਣ ਲਈ ਮਜਬੂਰ- ਗਿੱਲ,...

ਏਫਰੇਸਿਸ ਮਸ਼ੀਨ ਨਾ ਹੋਣ ਕਾਰਨ ਡੇੰਗੂ ਮਰੀਜ ਲੁੱਟ ਕਰਵਾਉਣ ਲਈ ਮਜਬੂਰ- ਗਿੱਲ, ਸੰਨਿਆਸੀ।

ਖੂਨਦਾਨੀ ਸੰਸਥਾਵਾਂ ਨੇ ਸਿਵਲ ਹਸਪਤਾਲ ਮੋਗਾ ਵਿੱਚ ਏਫਰੇਸਿਸ ਮਸ਼ੀਨ ਦੀ ਕੀਤੀ ਮੰਗ। 

ਮੋਗਾ (ਹਰਪਾਲ ਸਹਾਰਨ) : ਇਸ ਸਾਲ ਕਰੋਨਾ ਕਾਰਨ ਆਰਥਿਕ ਪੱਖੋਂ ਟੁੱਟ ਚੁੱਕੇ ਲੋਕਾਂ ਲਈ ਡੇਂਗੂ ਕਹਿਰ ਬਣ ਕੇ ਬਹੁੜਿਆ ਹੈ ਕਿਉਂਕਿ ਪਲੇਟਲੈਟਸ ਦੀ ਲੋੜ ਨੂੰ ਪੂਰਾ ਕਰਨ ਲਈ ਉਨ੍ਹਾਂ ਨੂੰ ਖੂਨਦਾਨੀ ਨਹੀਂ ਮਿਲ ਰਹੇ ਤੇ ਮਜਬੂਰੀ ਵੱਸ ਉਹਨਾਂ ਨੂੰ ਪ੍ਰਾਈਵੇਟ ਹਸਪਤਾਲਾਂ ਤੋਂ ਐਸ. ਡੀ. ਪੀ. ਸੈਲ ਲੈਣੇ ਪੈ ਰਹੇ ਹਨ, ਜੋ ਉਨ੍ਹਾਂ ਨੂੰ ਇੱਕ ਯੂਨਿਟ 11000 ਰੁਪਏ ਵਿੱਚ ਪੈ ਰਿਹਾ ਹੈ ਜਦਕਿ ਸਰਕਾਰੀ ਫੀਸ ਸਿਰਫ 1000 ਰੁਪਏ ਹੈ। ਵਰਨਣਯੋਗ ਹੈ ਕਿ ਸਿੰਗਲ ਡੋਨਰ ਪਲੇਟਲੈਟਸ (ਐਸ ਡੀ ਪੀ) ਰਾਹੀਂ ਇੱਕ ਡੋਨਰ ਛੇ ਸੱਤ ਡੋਨਰਾਂ ਦੀ ਲੋੜ ਪੂਰੀ ਕਰ ਸਕਦਾ ਹੈ ਤੇ ਇੱਕ ਯੂਨਿਟ ਨਾਲ ਹੀ ਦਸ ਹਜਾਰ ਤੋਂ ਪੱਚੀ ਹਜਾਰ ਤੱਕ ਪਲੇਟਲੈਟਸ ਵਧ ਜਾਂਦੇ ਹਨ ਇਸ ਲਈ ਜਿਆਦਾਤਰ ਡਾਕਟਰ ਮਰੀਜ਼ਾਂ ਨੂੰ ਐਸ. ਡੀ. ਪੀ. ਹੀ ਲਗਵਾਉਣ ਦੀ ਸਲਾਹ ਦੇ ਰਹੇ ਹਨ। ਇਸ ਸਬੰਧੀ ਅੱਜ ਸਿਵਲ ਸਿਵਲ ਹਸਪਤਾਲ ਮੋਗਾ ਵਿਖੇ ਖੂਨਦਾਨੀ ਸੰਸਥਾਵਾਂ ਨੇ ਸਰਕਾਰ ਤੋਂ ਸਿਵਲ ਹਸਪਤਾਲ ਮੋਗਾ ਦੇ ਬਲੱਡ ਬੈਂਕ ਵਿਚ ਏਫਰੇਸਿਸ ਮਸ਼ੀਨ ਲਗਾਉਣ ਦੀ ਮੰਗ ਕਰਦਿਆ ਕਿਹਾ ਕਿ ਸਿਰਫ 18 ਲੱਖ ਦੀ ਇਹ ਮਸ਼ੀਨ ਉਪਲੱਬਧ ਹੋਣ ਨਾਲ ਜਿਲ੍ਹੇ ਦੇ ਲੋਕਾਂ ਨੂੰ ਵੱਡਾ ਫਾਇਦਾ ਹੋਵੇਗਾ ਤੇ ਉਹਨਾਂ ਦੀ ਆਰਥਿਕ ਲੁੱਟ ਖਤਮ ਹੋਵੇਗੀ। ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਰੂਰਲ ਐੱਨ ਜੀ ਓ ਮੋਗਾ ਦੇ ਪ੍ਰਧਾਨ ਦਵਿੰਦਰਜੀਤ ਸਿੰਘ ਗਿੱਲ, ਸਮਾਜ ਸੇਵਾ ਸੁਸਾਇਟੀ ਮੋਗਾ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਨਿਆਸੀ, ਸਰਬੱਤ ਦਾ ਭਲਾ ਮੋਗਾ ਦੇ ਪ੍ਰਧਾਨ ਮਹਿੰਦਰ ਪਾਲ ਲੂੰਬਾ ਅਤੇ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ, ਬਲੱਡ ਸੇਵਾ ਮੋਗਾ ਦੇ ਪ੍ਰਧਾਨ ਰਾਜਵੀਰ ਸਿੰਘ ਗਿੱਲ ਸਾਫੂਵਾਲਾ, ਭਾਈ ਘਨਈਆ ਬਲੱਡ ਡੋਨਰ ਕਲੱਬ ਦੇ ਪ੍ਰਧਾਨ ਗੁਰਨਾਮ ਸਿੰਘ ਲਵਲੀ ਅਤੇ ਸਿਟੀ ਬਲੱਡ ਹੈਲਪ ਦੇ ਪ੍ਰਧਾਨ ਕਪਿਲ ਭਾਰਤੀ ਨੇ ਦੱਸਿਆ ਕਿ ਖੂਨਦਾਨੀ ਸੰਸਥਾਵਾਂ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਸਰਕਾਰ ਤੋਂ ਏਫਰੇਸਿਸ ਮਸ਼ੀਨ ਦੀ ਮੰਗ ਕਰ ਰਹੀਆਂ ਹਨ ਪਰ ਸਰਕਾਰ ਵੱਲੋਂ ਇਸ ਮੰਗ ਵੱਲ ਗੌਰ ਨਹੀਂ ਕੀਤੀ ਜਾ ਰਹੀ। ਉਹਨਾਂ ਦੱਸਿਆ ਕਿ ਮੋਗਾ ਜਿਲ੍ਹੇ ਦੀਆਂ ਸਮੂਹ ਖੂਨਦਾਨੀ ਸੰਸਥਾਵਾਂ ਵੱਲੋਂ ਇਸ ਸਬੰਧੀ ਵੀਰਵਾਰ ਨੂੰ ਸਿਹਤ ਮੰਤਰੀ ਪੰਜਾਬ, ਸਿਹਤ ਸਕੱਤਰ ਅਤੇ ਮੁੱਖ ਮੰਤਰੀ ਪੰਜਾਬ ਨੂੰ ਰਜਿਸਟਰਡ ਪੋਸਟ ਰਾਹੀਂ ਪੱਤਰ ਭੇਜਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਜਿਲ੍ਹਾ ਮੋਗਾ ਦੇ ਵਿਧਾਇਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਜਿਲ੍ਹੇ ਦੇ ਲੋਕਾਂ ਦੀ ਸਹੂਲਤ ਲਈ ਸਬੰਧਿਤ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਅਗਲੇ ਡੇੰਗੂ ਸੀਜਨ ਤੋਂ ਪਹਿਲਾਂ ਬਲੱਡ ਬੈਂਕ ਮੋਗਾ ਵਿੱਚ ਏਫਰੇਸਿਸ ਮਸ਼ੀਨ ਲਗਵਾਉਣ ਦੀ ਪਹਿਲ ਕਰਨ। ਉਹਨਾਂ ਖੂਨਦਾਨੀ ਸੰਸਥਾਵਾਂ ਵੱਲੋਂ ਲੋਕਾਂ ਦੀ ਖੂਨ ਅਤੇ ਪਲੇਟਲੈਟਸ ਦੀ ਮੰਗ ਨੂੰ ਪੂਰਾ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੂਨਦਾਨੀ ਸੰਸਥਾਵਾਂ ਆਪਣੇ ਇਮਤਿਹਾਨ ਵਿੱਚ ਪਾਸ ਹੋਈਆਂ ਹਨ ਤੇ ਕਿਸੇ ਵੀ ਮਰੀਜ ਦੀ ਪਲੇਟਲੈਟਸ ਜਾਂ ਖੂਨ ਦੀ ਘਾਟ ਕਾਰਨ ਮੌਤ ਨਹੀਂ ਹੋਣ ਦਿੱਤੀ ਪਰ ਹੁਣ ਅਸਲ ਇਮਤਿਹਾਨ ਸਰਕਾਰ ਦਾ ਹੈ ਕਿ ਉਹ ਆਪਣੇ ਲੋਕਾਂ ਲਈ ਇਹ ਸਹੂਲਤ ਹਰ ਜਿਲਾ ਪੱਧਰੀ ਹਸਪਤਾਲ ਵਿੱਚ ਉਪਲਬਧ ਕਰਵਾਉਂਦੀ ਹੈ ਜਾਂ ਨਹੀਂ? ਇਸ ਮੌਕੇ ਉਕਤ ਤੋਂ ਇਲਾਵਾ ਬਲਜਿੰਦਰ ਸਿੰਘ ਘੱਲਕਲਾਂ, ਦਵਿੰਦਰ ਵੀਰ ਸਿੰਘ ਲੰਢੇਕੇ ਅਤੇ ਜਸਪ੍ਰੀਤ ਸਿੰਘ ਚੁੱਘਾ ਆਦਿ ਵੀ ਹਾਜਰ ਸਨ। 

Today Now News

RELATED ARTICLES
- Advertisment -

POPULAR POSTS