ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ ਨੇ ਜ਼ਿਲ੍ਹਾ ਪੱਧਰੀ ਕੈਂਪ ਦੌਰਾਨ ਮੁੱਖ ਮਹਿਮਾਨ ਵਜੋਂ ਕੀਤੀ ਸ਼ਿ਼ਰਕਤ

ਤਰਨ ਤਾਰਨ (ਜਸਵੀਰ ਸਿੰਘ) : ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ, ਨਵੀਂ ਦਿੱਲੀ ਅਤੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ, ਲੁਧਿਆਣਾ ਦੁਆਰਾ ਕ੍ਰਿਸ਼ੀ ਵਿਗਿਆਨ ਕੇਂਦਰ, ਗਡਵਾਸੂ, ਬੂਹ, ਤਰਨਤਾਰਨ ਨੇ ਪਿੰਡ ਆਸਲ ਉਤਾੜ (ਖੇਮਕਰਨ) ਵਿਖੇ “ਫਸਲਾਂ ਦੀ ਰਹਿੰਦ ਖੂੰਹਦ” ਦੇ ਪ੍ਰਬੰਧਨ ਲਈ ਖੇਤੀਬਾੜੀ ਮਸ਼ੀਨੀਕਰਨ ਅਤੇ ਮਸ਼ੀਨਰੀ ਨੂੰ ਉਤਸ਼ਾਹਤ ਕਰਨ” ਵਿਸ਼ੇ ਦੇ ਇੱਕ ਪ੍ਰੋਜੈਕਟ ਤਹਿਤ ਫਸਲਾਂ ਦੀ ਰਹਿੰਦ ਖੂੰਹਦ ਪ੍ਰਬੰਧਨ ਤੇ ਜ਼ਿਲ੍ਹਾ ਪੱਧਰੀ ਕੈਂਪ ਲਗਾਇਆ ਗਿਆ।
ਡਿਪਟੀ ਕਮਿਸ਼ਨਰ, ਤਰਨਤਾਰਨ ਸ੍ਰੀ ਕੁਲਵੰਤ ਸਿੰਘ ਨੇ ਉਪਰੋਕਤ ਜ਼ਿਲ੍ਹਾ ਪੱਧਰੀ ਕੈਂਪ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿ਼ਰਕਤ ਕੀਤੀ ਅਤੇ ਕਿਸਾਨਾਂ ਨੂੰ ਕਿਹਾ ਕਿ ਸਾਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਣੀ ਚਾਹੀਦੀ ਇਸ ਨਾਲ ਸਾਡੇ ਵਾਤਾਵਰਨ ਤੇ ਬੁਰਾ ਅਸਰ ਪੈੱਦਾ ਹੈ।
ਅਟਾਰੀ ਜ਼ੋਨ- 1 ਲੁਧਿਆਣਾ ਤੋਂ ਪਹੁੰਚੇ ਡਾ. ਰਾਜਬੀਰ ਸਿੰਘ ਨੇ ਕਿਸਾਨਾਂ ਨੂੰ ਸੁਨੇਹਾ ਦਿੱਤਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਪਸ਼ੂਆਂ ਦੀ ਸਿਹਤ ਤੇ ਵੀ ਬੁਰਾ ਅਸਰ ਹੁੰਦਾ ਹੈ ਅਤੇ ਜੇਕਰ ਪਰਾਲੀ ਨੂੰ ਖੇਤਾਂ ਵਿੱਚ ਹੀ ਮਿਲਾ ਦਿੱਤਾ ਜਾਵੇ ਤਾਂ ਫਸਲਾਂ ਦੇ ਝਾੜ ਵਿੱਚ ਵਾਧਾ ਹੁੰਦਾ ਹੈ ਅਤੇ ਓਹਨਾ ਕਿਸਾਨ ਵੀਰਾਂ ਨੂੰ ਇਹ ਵੀ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਤਰਨ ਤਾਰਨ ਜ਼ਿਲ੍ਹੇ ਦੇ ਸਰਹੱਦੀ ਪਿੰਡਾਂ ਵਿੱਚ ਵੱਧ ਤੋਂ ਵੱਧ ਪਰਾਲੀ ਪ੍ਰਬੰਧਨ ਦਾ ਕੰਮ ਕੀਤਾ ਜਾਵੇ। ਪਰਾਲੀ ਨੂੰ ਯੂਰੀਆ ਨਾਲ ਸ਼ੋਧ ਕੇ ਪਸ਼ੂਆਂ ਦੇ ਚਾਰੇ ਲਈ ਵੀ ਵਰਤਿਆ ਜਾ ਸਕਦਾ ਹੈ ਅਤੇ ਪਰਾਲੀ ਤੋਂ ਬਾਇਓਗੈਸ ਵੀ ਬਣਾਈ ਜਾ ਸਕਦੀ ਹੈ।
ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ (ਸਿਖਲਾਈ) ਡਾ. ਬਲਵਿੰਦਰ ਕੁਮਾਰ ਨੇ ਸਮੂਹ ਅਧਿਕਾਰੀਆਂ ਅਤੇ ਕਿਸਾਨਾਂ ਦਾ ਸਵਾਗਤ ਕੀਤਾ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਾਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ, ਜਿਸ ਨਾਲੇ ਸਾਡੇ ਵਾਤਾਵਰਨ ਤੇ ਬੁਰਾ ਅਸਰ ਪੈ ਰਿਹਾ ਹੈ ਅਤੇ ਆਪਾਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਸ਼ੁੱਧ ਵਾਤਾਵਰਨ ਦੇ ਸਕੀਏ।
ਉਹਨਾਂ ਨੇ ਕਿਹਾ ਕਿ ਕਿਹਾ ਸਾਡੇ ਕੇਂਦਰ ਵਲੋਂ ਜਿਲਾ ਤਰਨ ਤਾਰਨ ਵਿੱਚ ਦੋ ਪਿੰਡ ਭੱਗੁਪੁਰ ਹਵੇਲੀਆਂ ਅਤੇ ਸੰਗਵਾਂ ਗੋਦ ਲਏ ਗਏ ਹਨ, ਜਿਸ ਵਿੱਚ ਹਰ ਕਿਸਾਨ ਦੇ ਘਟੋ-ਘੱਟ 2 ਏਕੜ ਕਣਕ ਦੀ ਬਿਜਾਈ ਹੈਪੀ ਸੀਡਰ ਨਾਲ ਜਰੂਰ ਕਰਾਂਵਾਂਗੇ। ਤਰਨ ਤਾਰਨ ਜ਼ਿਲ੍ਹੇ ਦੇ ਤਕਰੀਬਨ 10 ਵੱਖ ਵੱਖ ਪਿੰਡਾਂ ਚੋਂ 250 ਕਿਸਾਨ ਉਪਰੋਕਤ ਪ੍ਰੋਗਰਾਮ ਵਿੱਚ ਸ਼ਾਮਲ ਹੋਏ।ਡਾ: ਕੁਮਾਰ ਨੇ ਪਰਾਲੀ ਦੇ ਪ੍ਰਬੰਧ ਵਿੱਚ ਕੰਮ ਆਉਣ ਵਾਲੀ ਮਸ਼ੀਨਰੀ ਬਾਰੇ ਵਿਸਤਾਰ ਨਾਲ ਦੱਸਿਆ।
ਭੂਮੀ ਵਿਗਿਆਨੀ ਡਾ. ਅਨਿਲ ਕੁਮਾਰ ਨੇ ਕਿਹਾ ਕਿ ਅੱਗ ਲਗਾਉਣ ਨਾਲ ਸਾਡੀ ਜਮੀਨ ਚੋਂ ਸੂਖਮ ਤੱਤ ਕਾਫੀ ਘੱਟ ਜਾਂਦੇ ਹਨ ਅਤੇ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਨ ਨਾਲ ਨਦੀਨਾਂ ਦੀ ਸਮਸਿਆ ਵੀ ਘੱਟ ਜਾਂਦੀ ਹੈ। ਬਾਗ਼ਬਾਨੀ ਮਾਹਿਰ ਡਾ. ਨਿਰਮਲ ਸਿੰਘ ਨੇ ਦੱਸਿਆ ਕਿ ਜਿਲਾ ਤਰਨ ਤਾਰਨ ਵਿੱਚ ਮਟਰ ਅਤੇ ਆਲੂ ਕਾਸ਼ਤ ਲਈ ਲਈ ਕਿਸਾਨ ਵੀਰ ਪਲਟਾਵੇਂ ਹਲ ਦੀ ਵਰਤੋਂ ਕਰ ਸਕਦੇ ਹਨ ਜੋ ਕਿ ਪਰਾਲੀ ਨੂੰ ਜਮੀਨ ਦੇ 30 ਸੈਂਟੀਮੀਟਰ ਥੱਲੇ ਦੱਬ ਦਿੰਦਾ ਹੈ। ਇਸ ਪ੍ਰੋਗਰਾਮ ਵਿੱਚ ਕਿਸਾਨਾਂ ਲਈ ਪਰਾਲੀ ਸਾਂਭਣ ਸੰਬੰਧੀ ਸੰਦਾਂ ਦੀ ਪ੍ਰਦਰਸ਼ਨੀ ਵੀ ਦਿਖਾਈ ਗਈ। ਅੰਤ ਵਿੱਚ ਪਿੰਡ ਵਾਸੀਆਂ ਨੇ ਆਏ ਹੋਏ ਸਾਰੇ ਸਾਇੰਸਦਾਨਾਂ ਦਾ ਆਉਣ ਲਈ ਧੰਨਵਾਦ ਕੀਤਾ ਅਤੇ ਕੇਂਦਰ ਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਇਸ ਸਾਲ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਵਾਂਗੇ।






