
ਖੰਨਾ, 31 ਜਨਵਰੀ (ਪਰਮਜੀਤ ਸਿੰਘ ਧੀਮਾਨ) – ਜਿਵੇਂ ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਉਵੇਂ ਉਵੇਂ ਹੀ ਚੋਣ ਅਖਾੜਾ ਭੱਖਦਾ ਜਾ ਰਿਹਾ ਹੈ। ਇਨ੍ਹਾਂ ਚੋਣਾਂ ’ਚ ਲਲਹੇੜੀ ਰੋਡ ਲਾਈਨੋਂਪਾਰ ਦਾ ਇਲਾਕਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਲਾਈਨੋਪਾਰ ਇਲਾਕੇ ਨੂੰ ਚੋਣ ਸਰਗਰਮੀਆਂ ਦਾ ਕੇਂਦਰ ਬਿੰਦੂ ਬਣਾਇਆ ਹੈ। ਭਾਜਪਾ ਉਮੀਦਵਾਰ ਗੁਰਪ੍ਰੀਤ ਸਿੰਘ ਭੱਟੀ, ਅਕਾਲੀ ਦਲ ਤੇ ਬਸਪਾ ਉਮੀਦਵਾਰ ਜਸਦੀਪ ਕੌਰ ਯਾਦੂ ਅਤੇ ਆਪ ਉਮੀਦਵਾਰ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਲਗਾਤਾਰ ਇਲਾਕੇ ਦੇ ਲੋਕਾਂ ਨਾਲ ਰਾਬਤਾ ਕਾਇਮ ਬਣਾਇਆ ਹੋਇਆ ਹੈ, ਪਰ ਇਸ ਇਲਾਕੇ ’ਚ ਉਦਯੋਗ ਮੰਤਰੀ ਗੁਰਕੀਰਤ ਸਿੰਘ ਕੋਟਲੀ ਅਜੇ ਤੱਕ ਕੋਈ ਚੋਣ ਸਰਗਰਮੀ ਨਹੀਂ ਕੀਤੀ ਗਈ। ਮੰਨਿਆ ਜਾ ਰਿਹਾ ਹੈ ਕਿ ਇਲਾਕੇ ’ਚ 2 ਸਾਲਾਂ ਤੋਂ ਲਟਕ ਰਹੇ ਸੀਵਰੇਜ ਪ੍ਰੋਜੈਕਟ, ਗਲੀਆਂ ਦੇ ਮਾੜੇ ਹਾਲ ਤੇ ਮੱਠੀ ਰਫ਼ਤਾਰ ਨਾਲ ਚੱਲ ਰਹੇ ਵਿਕਾਸ ਕਾਰਜਾਂ ਕਰਕੇ ਕਾਂਗਰਸ ਦਾ ਤਿੱਖਾ ਵਿਰੋਧ ਹੋ ਰਿਹਾ ਹੈ, ਜਿਸ ਡਰ ਕਾਰਨ ਮੰਤਰੀ ਕੋਟਲੀ ਵੱਲੋਂ ਇਸ ਇਲਾਕੇ ’ਚ ਆਪਣੀ ਮੁਹਿੰਮ ਸ਼ੁਰੂ ਨਹੀਂ ਕੀਤੀ ਗਈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਵਾਰਡ 14 ਵਿਖੇ ਮੰਤਰੀ ਕੋਟਲੀ, ਕੌਂਸਲਰ ਸੰਦੀਪ ਸਿੰਘ ਘਈ ਤੇ ਗੁਰਮੀਤ ਨਾਗਪਾਲ ਦੇ ਜ਼ਬਰਦਸਤ ਵਿਰੋਧ ਤੋਂ ਉਪਰੰਤ ਅਜਿਹੀ ਸਥਿਤੀ ਦੁਬਾਰਾ ਨਾ ਪੈਦਾ ਹੋਵੇ, ਨੂੰ ਦੇਖਦੇ ਹੋਏ ਕਾਂਗਰਸ ਪਾਰਟੀ ਫੂਕ ਫੂਕ ਕੇ ਕਦਮ ਰੱਖ ਰਹੀ ਹੈ। ਦੱਸਣਯੋਗ ਹੈ ਕਿ ਸ਼ਹਿਰ ਨੂੰ 2016 ’ਚ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਅਮਰੂਤ ਸਕੀਮ ਤਹਿਤ 100 ਫ਼ੀਸਦੀ ਸੀਵਰੇਜ ਤੇ ਵਾਟਰ ਸਪਲਾਈ ਲਈ ਚੁਣਿਆ ਗਿਆ ਸੀ, 2017 ’ਚ ਕਾਂਗਰਸ ਸਰਕਾਰ ਆਉਣ ’ਤੇ ਵੀ ਖੰਨਾ ’ਚ ਵਿਕਾਸ ਸ਼ੁਰੂ ਨਹੀਂ ਕਰਵਾਏ ਗਏ। ਇਲਾਕੇ ਦੇ ਵਸਨੀਕ ਗੁਰਬਿੰਦਰ ਸਿੰਘ ਨੇ ਕਿਹਾ ਕਿ ਪਿਛਲੇ 2 ਸਾਲਾਂ ਵਿਚ ਵਿਧਾਇਕ ਕੋਟਲੀ ਅਨੇਕਾਂ ਵਾਰ ਗਲੀਆਂ, ਨਾਲੀਆਂ ਤੇ ਸੀਵਰੇਜ ਦੇ ਕੰਮਾਂ ਦਾ ਉਦਘਾਟਨ ਕਰਨ ਲਈ ਲਲਹੇੜੀ ਰੋਡ ਤੱਕ ਤਾਂ ਆਉਂਦੇ ਰਹੇ, ਪ੍ਰਤੂੰ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਕੌਂਸਲਰ ਰੀਟਾ ਰਾਣੀ ਨੇ ਵਿਕਾਸ ਕਾਰਜਾਂ ’ਚ ਪੱਖਪਾਤ ਦੇ ਦੋਸ਼ ਲਾਉਂਦਿਆਂ ਕਿਹਾ ਪੂਰੇ ਇਲਾਕੇ ਨੂੰ ਪੁੱਟ ਕੇ ਰੱਖ ਦਿੱਤਾ ਹੈ, ਜਿਸ ਦੀ ਦੁਬਾਰਾ ਬਨਣ ਦੀ ਕੋਈ ਆਸ ਨਜ਼ਰ ਨਹੀਂ ਆ ਰਹੀ। ਜਸਦੀਪ ਕੌਰ ਯਾਦੂ ਨੇ ਕਿਹਾ ਕਿ ਕਾਂਗਰਸੀਆਂ ਨੇ ਨਿੱਜੀ ਫਾਇਦੇ ਲਈ ਅਮਰੂਤ ਯੋਜਨਾ ਭ੍ਰਿਸ਼ਟਾਚਾਰ ਦੀ ਭੇਟ ਚਾੜ ਦਿੱਤੀ ਹੈ।



