ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਇਲਾਕੇ ‘ਚ ਖ਼ਾਕੀ ਵਰਦੀ ਨੂੰ ਲੈ ਕੇ ਛਿੜ ਗਈ ਚਰਚਾ

ਸਰਾਏ ਅਮਾਨਤ ਖਾਂ,(ਸ਼ਮਸ਼ੇਰ ਸਿੰਘ ) : ਥਾਣਾ ਸਰਾਏ ਅਮਾਨਤ ਖਾਂ ‘ਚ ਤਾਇਨਾਤ ਇਕ ਏਐੱਸਆਈ ਦੀ ਕਥਿਤ ਤੌਰ ‘ਤੇ ਨਸ਼ਾ ਕਰਦਿਆਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਕ ਵਾਰ ਫਿਰ ਖ਼ਾਕੀ ਵਰਦੀ ‘ਤੇ ਸਵਾਲ ਉੱਠਣ ਲੱਗੇ ਹਨ। ਹਾਲਾਂਕਿ ਉਕਤ ਵੀਡੀਓ ਪੁਰਾਣੀ ਹੋਣ ਦੀ ਗੱਲ ਕਹੀ ਜਾ ਰਹੀ ਹੈ ਪਰ ਅਧਿਕਾਰੀਆਂ ਨੇ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਦੋਂਕਿ ਐੱਸਐੱਸਪੀ ਨੇ ਉਕਤ ਥਾਣੇਦਾਰ ਦਾ ਡੋਪ ਟੈਸਟ ਕਰਵਾਉਣ ਦੀ ਗੱਲ ਕਹੀ ਹੈ।ਸਰਹੱਦੀ ਥਾਣਾ ਸਰਾਏ ਅਮਾਨਤ ਖਾਂ ‘ਚ ਤਾਇਨਾਤ ਏਐੱਸਆਈ ਵੱਲੋਂ ਲਾਈਟਰ ਤੇ ਸਿਲਵਰ ਪੰਨੀ ਦੀ ਮਦਦ ਨਾਲ ਕਥਿਤ ਤੌਰ ‘ਤੇ ਨਸ਼ਾ ਕਰਦਿਆਂ ਦੀ ਇਕ ਵੀਡੀਓ ਇਲਾਕੇ ‘ਚ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਉਕਤ ਥਾਣੇਦਾਰ ਨਾਲ ਹੋਰ ਲੋਕਾਂ ਦੇ ਹੋਣ ਦੀ ਵੀ ਪੁਸ਼ਟੀ ਹੁੰਦੀ ਹੈ। ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਇਲਾਕੇ ‘ਚ ਖ਼ਾਕੀ ਵਰਦੀ ਨੂੰ ਲੈ ਕੇ ਚਰਚਾ ਛਿੜ ਗਈ ਹੈ ਅਤੇ ਪੁਲਿਸ ਵੱਲੋਂ ਨਸ਼ਾ ਖ਼ਤਮ ਕਰਨ ਦੇ ਦਾਅਵਿਆਂ ‘ਤੇ ਵੀ ਲੋਕਾਂ ਵੱਲੋਂ ਸਵਾਲ ਚੁੱਕੇ ਜਾ ਰਹੇ ਹਨ। ਇਸ ਸਬੰਧੀ ਥਾਣਾ ਸਰਾਏ ਅਮਾਨਤ ਖਾਂ ਦੇ ਮੁਖੀ ਬਲਵਿੰਦਰ ਸਿੰਘ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਵੀਡੀਓ ਦੇ ਵਾਇਰਲ ਹੋਣ ਸਬੰਧੀ ਜਾਣਕਾਰੀ ਅਧਿਕਾਰੀਆਂ ਨੂੰ ਦੇ ਦਿੱਤੀ ਹੈ।






