ਪਟਿਆਲਾ (ਰਾਜ ਰਾਣੀ ) ਪ੍ਰਸਿੱਧ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਤੋਂ ਬਾਅਦ ਕਈ ਕਬੱਡੀ ਖਿਡਾਰੀਆਂ ਦੇ ਕਤਲ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਚੁੱਕੀਆਂ ਹਨ ਅਤੇ ਲੰਘੀ ਰਾਤ ਪਟਿਆਲਾ ਸਥਿਤ ਪੰਜਾਬੀ ਯੂਨੀਵਰਸਿਟੀ ਦੇ ਮੂਹਰੇ ਕਬੱਡੀ ਖਿਡਾਰੀ ਧਰਮਿੰਦਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ, ਯੂਨੀਵਰਸਿਟੀ ਲਾਗੇ ਬਣੇ ਢਾਬੇ ਤੇ ਕੁੱਝ ਨੌਜਵਾਨ ਖ਼ਾਣਾ ਖਾ ਰਹੇ ਸਨ ਅਤੇ ਇਸੇ ਦੌਰਾਨ ਢਾਬੇ ਤੇ ਕਬੱਡੀ ਖਿਡਾਰੀ ਧਰਮਿੰਦਰ ਵੀ ਮੌਜੂਦ ਸੀ। ਕਿਸੇ ਗੱਲ ਨੂੰ ਲੈ ਕੇ ਧਰਮਿੰਦਰ ਅਤੇ ਹੋਰਨਾਂ ਨੌਜਵਾਨਾਂ ਵਿੱਚ ਬਹਿਸਬਾਜ਼ੀ ਹੋਈ, ਜਿਸ ਤੋਂ ਬਾਅਦ ਦੂਜੇ ਧੜੇ ਨੇ ਧਰਮਿੰਦਰ ਤੇ ਗੋਲੀਆਂ ਚਲਾ ਦਿੱਤੀਆਂ।

ਇਸ ਘਟਨਾ ਵਿੱਚ ਧਰਮਿੰਦਰ ਦੀ ਮੌਤ ਹੋ ਗਈ। ਦੂਜੇ ਪਾਸੇ ਪਟਿਆਲਾ ਪੁਲਿਸ ਦੇ ਵਲੋਂ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲਿਆ ਜਾ ਰਿਹਾ ਹੈ ਅਤੇ ਜਾਂਚ ਆਰੰਭ ਕਰ ਦਿੱਤੀ ਹੈ। ਫਿਲਹਾਲ ਪੁਲਿਸ ਇਸ ਮਾਮਲੇ ਵਿੱਚ ਕੁੱਝ ਵੀ ਖੁੱਲ੍ਹ ਕੇ ਬੋਲਣ ਨੂੰ ਤਿਆਰ ਨਹੀਂ ਹੈ ਅਤੇ ਇਸ ਕਤਲ ਤੋਂ ਬਾਅਦ ਪਟਿਆਲਾ ਵਿੱਚ ਸਹਿਮ ਦਾ ਮਾਹੌਲ ਹੈ।




