ਚੰਡੀਗੜ, 23 ਦਸੰਬਰ:
ਉੱਘੇ ਸਿੱਖ ਕਿਸਾਨ ਆਗੂ ਤੇ ਆਲ ਇੰਡੀਆ ਜੱਟ ਮਹਾਂਸਭਾ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਅਤੇ ਮਹਾਂਸਭਾ ਦੇ ਰਾਸ਼ਟਰੀ ਡੈਲੀਗੇਟ ਸ. ਰਾਜਿੰਦਰ ਸਿੰਘ ਬਡਹੇੜੀ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਐਕਟਿੰਗ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਰਾਂ ਨੂੰ ਅਪੀਲ ਕੀਤੀ ਹੈ ਕਿ ਜੇ ਉਹ ਸੱਚਮੁਚ ਪੰਥਕ ਏਕਤਾ ਚਾਹੁੰਦੇ ਹਨ, ਤਾਂ ਉਹ ਬਿਲਕੁਲ ਪ੍ਰੋ. ਮਨਜੀਤ ਸਿੰਘ ਹੁਰਾਂ ਵਾਂਗ ਕਰਨ, ਜਿਵੇਂ ਕਿ ਉਨ੍ਹਾਂ 10 ਜਨਵਰੀ, 1995 ਨੂੰ ਕੀਤਾ ਸੀ।

ਸ. ਰਾਜਿੰਦਰ ਸਿੰਘ ਬਡਹੇੜੀ ਨੇ ਮੀਡੀਆ ਨੂੰ ਆਪਣਾ ਇੱਕ ਵਿਸ਼ੇਸ਼ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਹੁਣ ਗਿਆਨੀ ਹਰਪ੍ਰੀਤ ਸਿੰਘ ਨੇ ਪੰਥ ਵਿਰੋਧੀ ਤਾਕਤਾਂ ਦਾ ਮੁਕਾਬਲਾ ਕਰਨ ਲਈ ਹੁਣ ਸਾਰੇ ਵੱਖੋ–ਵੱਖਰੇ ਅਕਾਲੀ ਦਲਾਂ ਨੂੰ ਇੱਕਜੁਟਤਾ ਦੀ ਅਪੀਲ ਕੀਤੀ ਹੈ। ਇਸ ਮਾਮਲੇ ’ਚ ਸ. ਬਡਹੇੜੀ ਨੇ ਆਪਣੀ ਦਲੀਲ ਪੇਸ਼ ਕਰਦਿਆਂ ਆਖਿਆ ਕਿ ਜੇ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਐਕਟਿੰਗ ਜੱਥੇਦਾਰ ਪ੍ਰੋ. ਮਨਜੀਤ ਸਿੰਘ ਜਿਹਾ ਕਦਮ ਨਹੀਂ ਚੁੱਕ ਸਕਦੇ, ਤਾਂ ਉਹ ਇਸ ਮਾਮਲੇ ’ਤੇ ਚੁੱਪ ਹੀ ਰਹਿਣ, ਤਾਂ ਹੀ ਸਮੂਹ ਪੰਥਕ ਸਫ਼ਾਂ ਲਈ ਬਿਹਤਰ ਹੋਵੇਗਾ।
ਸ. ਬਡਹੇੜੀ ਨੇ ਕਿਹਾ ਕਿ ਪਹਿਲਾਂ ਤਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੁਖਬੀਰ ਸਿੰਘ ਬਾਦਲ ਸਮੇਤ ਸਾਰੇ ਅਕਾਲੀ ਦਲਾਂ ਦੇ ਪ੍ਰਧਾਨਾਂ ਤੋਂ ਅਸਤੀਫ਼ਾ ਲੈਣਾ ਚਾਹੀਦਾ ਹੈ। ਫਿਰ ਸਾਰੇ ਪ੍ਰਮੁੱਖ ਅਕਾਲੀ ਆਗੂਆਂ ਦੀ ਇੱਕਜੁਟ ਬੈਠਕ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਰੱਖੀ ਜਾਵੇ। ਉਥੇ ਇੱਕਜੁਟਤਾ ਕਾਇਮ ਕਰਨ ਤੋਂ ਬਾਅਦ ਨਵੀਂ ਅਕਾਲੀ ਲੀਡਰਸ਼ਿਪ ਨੂੰ ਉਭਾਰਿਆ ਜਾਵੇ। ਨਵੀਂ ਲੀਡਰਸ਼ਿਪ ਕਿਸੇ ਵੀ ਹਾਲਤ ’ਚ ਕਿਸੇ ਇੱਕ ਪਰਿਵਾਰ ਜਾਂ ਸੌੜੇ ਹਿਤਾਂ ਨੂੰ ਨਹੀਂ, ਸਗੋਂ ਕੇਵਲ ਸਿੱਖ ਪੰਥ, ਸਿੱਖ ਕੌਮ ਅਤੇ ਪੰਜਾਬ ਨੂੰ ਸਮਰਪਿਤ ਹੋਵੇ। ਕੋਈ ਵੀ ਨਵਾਂ ਆਗੂ ਕਾਂਗਰਸ ਜਾਂ ਭਾਰਤੀ ਜਨਤਾ ਪਾਰਟੀ ਤੇ ਕਿਸੇ ਹੋਰ ਸਿਆਸੀ ਪਾਰਟੀ ਨੂੰ ਸਮਰਪਿਤ ਨਹੀਂ ਹੋਣਾ ਚਾਹੀਦਾ। ਕੋਈ ਵੀ ਬਾਦਲਾਂ ਨੂੰ ਜਾਂ ਮਜੀਠੀਆ ਨੂੰ ਸਮਰਪਿਤ ਨਾ ਹੋਵੇ। ਇੱਕਜੁਟ ਅਕਾਲੀ ਦਲ ਕਿਸੇ ਇੱਕ ਪਰਿਵਾਰ ਤੱਕ ਹੀ ਸੀਮਤ ਨਾ ਰਹੇ ਤੇ ਪੰਥਕ ਸਫ਼ਾਂ ਨੂੰ ਹਰ ਹਾਲਤ ’ਚ ਪਰਿਵਾਰਵਾਦ ’ਚੋਂ ਬਾਹਰ ਕੱਢਿਆ ਜਾਵੇ।
ਸ. ਬਡਹੇੜੀ ਨੇ ਅੱਗੇ ਦੱਸਿਆ ਕਿ ਪ੍ਰੋ. ਭਾਈ ਮਨਜੀਤ ਸਿੰਘ ਵੀ ਆਪਣੇ ਸਮੇਂ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਐਕਟਿੰਗ ਜਥੇਦਾਰ ਸਨ ਪਰ ਉਨ੍ਹਾਂ ਨੇ ਤਦ ਸਿੱਖ ਪੰਥ ਦੇ ਹਿਤਾਂ ਲਈ ਸਾਰੇ ਅਕਾਲੀ ਦਲਾਂ ਦੇ ਪ੍ਰਧਾਨਾਂ ਤੋਂ ਅਸਤੀਫ਼ੇ ਦਿਵਾਏ ਸਨ। ਉਦੋਂ ਸਾਰੇ ਪ੍ਰਮੁੱਖ ਅਕਾਲੀ ਆਗੂ ਆਪਣੀਆਂ ਦਾੜ੍ਹੀਆਂ ਖੋਲ੍ਹ ਕੇ ਤੇ ਗਲ਼ਾਂ ’ਚ ਸਿਰੋਪਾਓ ਪਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋਏ ਸਨ। ਉਸ ਦਿਨ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣੀ ਦਾੜ੍ਹੀ ਖੋਲ੍ਹੀ ਹੋਈ ਸੀ; ਕਿਉਂਕਿ ਉਹ ਵੀ ਤਦ ਆਪਣੇ ਸ਼੍ਰੋਮਣੀ ਅਕਾਲੀ ਦਲ (ਪੰਥਕ) ਦੇ ਪ੍ਰਧਾਨ ਸਨ।
ਸ. ਬਡਹੇੜੀ ਨੇ ਦੱਸਿਆ ਕਿ 10 ਜਨਵਰੀ, 1995 ਨੂੰ ਉਸ ਵੇਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਐਕਟਿੰਗ ਜੱਥੇਦਾਰ ਪ੍ਰੋ. ਮਨਜੀਤ ਸਿੰਘ ਨੇ ਸਾਰੇ ਅਕਾਲੀ ਦਲਾਂ ਦੀ ਮੀਟਿੰਗ ਰੱਖੀ ਸੀ। ਉਦੋਂ ਕੁੱਲ ਸੱਤ ਅਕਾਲੀ ਦਲ ਹੁੰਦੇ ਸਨ। ਉਦੋਂ ਸ. ਪ੍ਰਕਾਸ਼ ਸਿੰਘ ਬਾਦਲ ਇੱਕ ਪਾਸੇ ਸਨ ਤੇ ਬਾਕੀ ਸਾਰੇ ਛੇ ਅਕਾਲੀ ਦਲ ਦੂਜੇ ਪਾਸੇ ਸਨ।
ਫਿਰ ਸਾਰੇ ਅਕਾਲੀ ਦਲਾਂ ਨੇ 1995 ਦੀ ਵਿਸਾਖੀ ਮੌਕੇ ਅਸਤੀਫ਼ੇ ਦੇ ਦਿੱਤੇ ਸਨ ਤੇ ਤਦ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਪ੍ਰਧਾਨ ਚੁਣ ਲਿਆ ਗਿਆ ਸੀ। ਪਰ ਸ. ਸਿਮਰਨਜੀਤ ਸਿੰਘ ਮਾਨ ਨੇ ਆਪਣਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਖਰਾ ਰੱਖਿਆ ਸੀ।
ਸ. ਰਾਜਿੰਦਰ ਸਿੰਘ ਬਡਹੇੜੀ ਨੇ ਦੋਸ਼ ਲਾਇਆ ਕਿ ਸ. ਬਾਦਲ ਨੇ ਤਦ ਸਭ ਨੂੰ ਧੋਖਾ ਦੇ ਕੇ ਹੋਰਨਾਂ ਆਗੂਆਂ ਨੂੰ ਪਛਾੜਦਿਆਂ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਪਰਿਵਾਰ ਤੱਕ ਸੀਮਤ ਕਰ ਲਿਆ। ਹੋਰ ਅਕਾਲੀ ਆਗੂ ਵੀ ਤਦ ਬਾਦਲ ਦੀਆਂ ਲੂੰਬੜ–ਚਾਲਾਂ ’ਚ ਫਸਦੇ ਹੋਏ ਗਿਰਗਿਟ ਵਾਂਗ ਰੰਗ ਬਦਲਦੇ ਰਹੇ ਸਨ। ਇੰਝ ਅੰਤ ਨੂੰ ਸ਼੍ਰੋਮਣੀ ਅਕਾਲੀ ਦਲ ਇੱਕ ਬਾਦਲ ਪਰਿਵਾਰ ਦੇ ਅੰਦਰ ਸੀਮਤ ਹੋ ਕੇ ਰਹਿ ਗਿਆ।
ਸ. ਬਡਹੇੜੀ ਨੇ ਕਿਹਾ ਕਿ ਹੁਣ ਜਦੋਂ ਬਿਕਰਮ ਸਿੰਘ ਮਜੀਠੀਆ ਜਾਂ ਬਾਦਲਾਂ ’ਤੇ ਮੁਸੀਬਤ ਆਈ ਹੈ, ਤਾਂ ਅਜਿਹੇ ਵੇਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੰਥਕ ਏਕਤਾ ਦਾ ਬਿਆਨ ਨਹੀਂ ਦੇਣਾ ਚਾਹੀਦਾ ਹੈ। ਹੁਣ ਅਦਾਲਤਾਂ ਨੇ ਆਪਣੇ ਫ਼ੈਸਲੇ ਸੁਣਾਉਣੇ ਹਨ। ਜੱਥੇਦਾਰ ਆਪਣੇ ਵੱਲੋਂ ਕਿਸੇ ਨੂੰ ਵੀ ‘ਕਲੀਨ ਚਿਟ’ ਨਾ ਦੇਣ।




