ਸਿੱਧੂ ਦੇ ਵਕੀਲ ਨੇ ਦਾਅਵਾ ਕੀਤਾ ਕਿ ਉਸ ਦਾ ਹਿੰਸਾ ਨਾਲ ਕੋਈ ਸਬੰਧ ਨਹੀਂ ਸੀ ਤੇ ਉਹ ਗ਼ਲਤ ਸਮੇਂ ‘ਤੇ ਗ਼ਲਤ ਥਾਂ ‘ਤੇ ਸੀ।

ਨਵੀਂ ਦਿੱਲੀ (ਏਜੇਂਸੀ) : ਦਿੱਲੀ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਲਾਲ ਕਿਲ੍ਹਾ ਹਿੰਸਾ ਮਾਮਲੇ ‘ਚ ਅਦਾਕਾਰ ਦੀਪ ਸਿੱਧੂ ਦੀ ਪੁਲਿਸ ਹਿਰਾਸਤ ਸੱਤ ਹੋਰ ਦਿਨਾਂ ਲਈ ਵਧਾ ਦਿੱਤੀ ਹੈ। ਸਿੱਧੂ ਨੂੰ ਮੰਗਲਵਾਰ ਨੂੰ ਮੈਟਰੋਪੋਲਿਟਨ ਮੈਜਿਸਟ੍ਰੇਟ ਭੁਜਾਲੀ ਦੇ ਸਾਹਮਣੇ ਪੇਸ਼ ਕੀਤਾ ਗਿਆ। ਪੁਲਿਸ ਨੇ ਕਿਹਾ ਕਿ ਉਸ ਨੂੰ ਜਾਂਚ ਤੇ ਹੋਰ ਦੋਸ਼ੀਆਂ ਦੀ ਪਛਾਣ ਲਈ ਪੁੱਛਗਿੱਛ ਦੀ ਲੋੜ ਹੈ, ਇਸ ਲਈ ਉਸ ਦੀ ਹਿਰਾਸਤ ਵਧਾ ਦਿੱਤੀ ਜਾਵੇ। ਪੁਲਿਸ ਨੇ ਨੌਂ ਫਰਵਰੀ ਨੂੰ ਉਸ ਨੂੰ ਸੱਤ ਦਿਨਾਂ ਦੀ ਪੁਲਿਸ ਹਿਰਾਸਤ ‘ਚ ਭੇਜਿਆ ਸੀ। ਪੁਲਿਸ ਨੇ ਕਿਹਾ ਸੀ ਉਸ ਕੋਲ ਅਜਿਹੀਆਂ ਵੀਡੀਓ ਹਨ ਜਿਨ੍ਹਾਂ ‘ਚ ਉਹ ਘਟਨਾ ਵਾਲੀ ਥਾਂ ‘ਤੇ ਦੇਖਿਆ ਜਾ ਸਕਦਾ ਹੈ। ਉਹ ਲੋਕਾਂ ਨੂੰ ਭੜਕਾ ਰਿਹਾ ਸੀ। ਉਹ ਵੀ ਹਿੰਸਾ ਕਰਨ ਵਾਲਿਆਂ ‘ਚ ਸ਼ਾਮਲ ਸੀ। ਪੁਲਿਸ ਨੇ ਕਿਹਾ ਕਿ ਹੋਰ ਮੁਲਜ਼ਮਾਂ ਦੀ ਪਛਾਣ ਲਈ ਕਈ ਸੋਸ਼ਲ ਮੀਡੀਆ ਅਕਾਊਂਟਸ ਵੀ ਜਾਂਚ ਕੀਤੀ ਜਾਣੀ ਹੈ। ਉਸ ਨੇ ਆਪਣਾ ਸਥਾਈ ਪਤਾ ਨਾਗਪੁਰ ਦਿੱਤਾ ਹੈ ਪਰ ਹੋਰ ਵੇਰਵੇ ਦੀ ਜਾਂਚ ਲਈ ਪੰਜਾਬ ਤੇ ਹਰਿਆਣਾ ਜਾਣ ਦੀ ਵੀ ਲੋੜ ਹੈ।
ਪੁਲਿਸ ਦਾ ਕਹਿਣਾ ਹੈ ਕਿ ਉਸ ਨੂੰ ਝੰਡਾ ਲਹਿਰਾਉਣ ਵਾਲੇ ਵਿਅਕਤੀ ਨਾਲ ਬਾਹਰ ਆਉਂਦੇ ਦੇਖਿਆ ਜਾ ਸਕਦਾ ਹੈ। ਉਸ ਨੇ ਬਾਹਰ ਆ ਕੇ ਉੱਚੀ ਆਵਾਜ਼ ‘ਚ ਭਾਸ਼ਣ ਦਿੱਤੇ ਤੇ ਉੱਥੇ ਪੁੱਜੇ ਲੋਕਾਂ ਨੂੰ ਭੜਕਾਇਆ ਜਿਸ ਨਾਲ ਹਿੰਸਾ ਫੈਲੀ। ਇਸ ‘ਚ ਕਈ ਪੁਲਿਸ ਮੁਲਾਜ਼ਮ ਜ਼ਖਮੀ ਹੋਏ।






