ਕੇਦਰ ਸਰਕਾਰ ਕਿਸਾਨਾਂ ਨੂੰ ਵੱਖਵਾਦੀ ਤੇ ਪਰਜੀਵੀ ਦੱਸ ਕਿ ਲੋਕਤੰਤਰ ਦਾ ਘਾਣ ਕਰ ਰਹੀ ਹੈ : ਕਿਸਾਨ ਆਗੂ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਖੇਤੀ ਸੁਧਾਰ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨੀ ਅੰਦੋਲਨ ਜੋਰਾਂ ਉਤੇ ਦਿੱਲੀ ਦੇ ਬਾਰਡਰਾਂ ਤੇ 85 ਦਿਨ ਪੂਰੇ ਕਰ ਚੁਕਿਆਂ ਹੈ,ਪਰ ਤਾਨਾਸ਼ਾਹੀ ਈ. ਵੀ. ਐਮ. ਦੀ ਠੱਗੀ ਨਾਲ ਬਣੀ ਮੋਦੀ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ. ਮਹਿੰਦਰਪਾਲ ਸਿੰਘ ਦਾਨਗੜ੍ਹ ਤੇ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਇੱਕ ਸਾਝੇ ਪਰੈਸ ਨੋਟ ਰਾਹੀਂ ਕੀਤਾ। ਉਪਰੋਕਤ ਆਗੂਆਂ ਨੇ ਕਿਹਾ ਕਿ ਤਿੰਨੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਬਾਰੇ ਪਿੰਡ-ਪਿੰਡ ਜਾਕੇ ਲੋਕਾਂ ਨੂੰ ਜਾਗਰੂਕ ਕਰਦਾ ਹੋਇਆ ਦਿੱਲੀ ਚੱਲੋ- ਮੋਰਚੇ ਮੱਲੋ, ਜਨ ਚੇਤਨਾ ਸਾਇਕਲ ਮਾਰਚ ਪਿੰਡ ਦਾਨ ਸਿੰਘ ਵਾਲਾ ਜਿਲ੍ਹਾ ਬਠਿੰਡਾ ਤੋਂ ਚੱਲਕੇ ਰਸਤੇ ਵਿੱਚ 5 ਰਾਤਾਂ ਗੁਜਾਰਦਾ ਹੋਇਆ ਅੱਜ ਛੇਵੇਂ ਦਿਨ ਸਿੰਘੂ ਬਾਰਡਰ (ਦਿੱਲੀ) ਪੁਜਾ। ਸਿੰਘੂ ਬਾਰਡਰ ਦਿੱਲੀ ਪਹੁੰਚਣ ਤੇ ਜਨ ਚੇਤਨਾ ਸਾਇਕਲ ਮਾਰਚ ਦਾ ਇਨਸਾਫ਼ ਦੀ ਆਵਾਜ਼ ਪੰਜਾਬ ਦੇ ਕੌਮੀ ਪ੍ਰਧਾਨ ਸ. ਮਹਿੰਦਰਪਾਲ ਸਿੰਘ ਦਾਨਗੜ੍ਹ, ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਮੁੱਖ ਬੁਲਾਰਾ ਪੰਜਾਬ, ਜੱਗਾ ਸਿੰਘ ਤੰਗਰਾਲੀ, ਹਰਭਜਨ ਸਿੰਘ ਬੰਗੀ ਤੇ ਪਰਮਿੰਦਰ ਸਿੰਘ ਦਾਨਗੜ੍ਹ ਨੇ ਨਿੱਘਾ ਸਵਾਗਤ ਕੀਤਾ।ਸ. ਮਹਿੰਦਰਪਾਲ ਸਿੰਘ ਦਾਨਗੜ੍ਹ ਨੇ ਕਿਹਾ ਕਿ ਅੱਜ ਹਰ ਵਰਗ ਹਰ ਪ੍ਰਕਾਰ ਦੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਮੱਦਦ ਕਰਨ ਵਿੱਚ ਲੱਗਾ ਹੋਇਆ ਹੈ, ਪਰ ਕੇਦਰ ਸਰਕਾਰ ਕਿਸਾਨਾਂ ਨੂੰ ਵੱਖਵਾਦੀ ਤੇ ਪਰਜੀਵੀ ਦੱਸ ਕਿ ਲੋਕਤੰਤਰ ਦਾ ਘਾਣ ਕਰ ਰਹੀ ਹੈ। ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਕਿਹਾ ਕਿ ਇਹ ਜਨ ਅੰਦੋਲਨ ਇਕੱਲੇ ਅੰਨ ਉਗਾਉਣ ਵਾਲਿਆਂ ਦਾ ਹੀ ਨਹੀਂ, ਸਗੋਂ ਅੰਨ ਖਾਣ ਵਾਲਿਆਂ ਦਾ ਵੀ ਹੈ। ਅੱਜ ਸਾਡਾ ਇੱਕੋ ਇੱਕ ਨਿਸ਼ਾਨਾਂ ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣ ਦਾ ਹੈ। ਜਨਵਰੀ 26 ਤੋ ਹੁਣ ਤੱਕ ਤੱਕ ਹੋਈਆਂ ਗਿਰਫ਼ਤਾਰੀਆਂ ਦੀ ਅਸੀਂ ਸਖਤ ਸਬਦਾਂ ਵਿੱਚ ਨਿੰਦਿਆ ਕਰਦੇ ਹਾਂ। ਤਿੰਨੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦ ਕਰਵਾਉਣ ਅਤੇ 26 ਜਨਵਰੀ ਤੋਂ ਲੈਕੇ ਹੁਣ ਤੱਕ ਗਿਰਫ਼ਤਾਰ ਕੀਤੇ ਕਿਸਾਨਾਂ ਤੇ ਨੋਜਵਾਨਾਂ ਦੇ ਪਰਚੇ ਰੱਦ ਕਰਕੇ ਬਿਨਾ ਸਰਤ ਰਿਹਾਈ ਤੱਕ ਇਹ ਕਿਸਾਨ ਜਨ-ਅੰਦੋਲਨ ਜਾਰੀ ਰਹੇਗਾ।ਇਹ ਜਨ ਚੇਤਨਾ ਸਾਇਕਲ ਮਾਰਚ 5 ਰਾਤਾਂ ਤੇ ਛੇ ਦਿਨਾਂ ਬਾਅਦ ਅੱਜ ਸਿੰਘੂ ਬਾਰਡਰ ਤੇ ਸੰਯੁਕਤ ਕਿਸਾਨ ਮੋਰਚਾ ਦੀ ਸਟੇਜ ਤੇ ਪਹੁੰਚਿਆ। ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਦੱਸਿਆ ਕਿ ਇਸ ਜਨ ਚੇਤਨਾ ਸਾਇਕਲ ਮਾਰਚ ਵਿੱਚ ਜਸਵੀਰ ਸਿੰਘ ਅਕਲੀਆਂ ਜਿਲ੍ਹਾ ਪ੍ਰਧਾਨ ਬਠਿੰਡਾ ਲੋਕ ਇਨਸਾਫ਼ ਪਾਰਟੀ, ਅਮੀ ਲਾਲ ਜਿਲ੍ਹਾ ਪ੍ਰਧਾਨ ਬਠਿੰਡਾ ਕੁੱਲ ਹਿੰਦ ਖੇਤ ਮਜਦੂਰ ਯੂਨੀਅਨ, ਬੂਟਾ ਸਿੰਘ ਜਿਲ੍ਹਾ ਸਹਾਇਕ ਸਕੱਤਰ ਬਠਿੰਡਾ ਕੁੱਲ ਹਿੰਦ ਖੇਤ ਮਜਦੂਰ ਯੂਨੀਅਨ, ਨਿਰਵੈਰ ਸਿੰਘ ਅਕਲੀਆਂ ਸੀਨੀਅਰ ਆਗੂ ਜਿਲ੍ਹਾ ਬਠਿੰਡਾ ਲੋਕ ਇਨਸਾਫ਼ ਪਾਰਟੀ, ਦਿੱਲਖੁਸ ਸਿੰਘ ਕੋਠੇ ਮੋਦਨ ਸਿੰਘ ਵਾਲਾ, ਜਸਵੀਰ ਸਿੰਘ ਨਿੱਕਾ ਅਕਲੀਆਂ, ਜਗਸੀਰ ਸਿੰਘ ਜੱਗਾ ਚਹਿਲ, ਮਹਿੰਦਰ ਸਿੰਘ ਗੁਹਾਣਾ (ਹਰਿਆਣਾ) ਨੇ ਹਿੱਸਾ ਲਿਆ।





