ਬਡਗਾਮ ਮੁਕਾਬਲੇ ‘ਚ ਪੁਲਿਸ ਦਾ ਇੱਕ SPO ਸ਼ਹੀਦ, ਤੇ ਇੱਕ ਜ਼ਖ਼ਮੀ

ਸ੍ਰੀਨਗਰ (ਏਜੇਂਸੀ) : ਦੱਖਣੀ ਕਸ਼ਮੀਰ ਦੇ ਸ਼ੋਪੀਆਂ ਤੇ ਮੱਧ ਕਸ਼ਮੀਰ ਦੇ ਜ਼ਿਲ੍ਹਾ ਬਡਗਾਮ ਦੇ ਬੀਰਵਾਹ ਇਲਾਕੇ ‘ਚ ਬੀਤੀ ਵੀਰਵਾਰ ਰਾਤ ਤੋਂ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਚੱਲ ਰਿਹਾ ਹੈ। ਸ਼ੋਪੀਆਂ ‘ਚ ਸੁਰੱਖਿਆ ਬਲਾਂ ਨੇ ਸਫਲਤਾ ਹਾਸਲ ਕਰਦੇ ਹੋਏ ਲਸ਼ਕਰ-ਏ-ਤਇਬਾ (Lashkar-e-Taiba) ਦੇ ਤਿੰਨ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ ਜਦਕਿ ਮੱਧ ਕਸ਼ਮੀਰ ਦੇ ਜ਼ਿਲ੍ਹਾ ਬਡਗਾਮ ਦੇ ਬੀਰਵਾਹ ਇਲਾਕੇ ‘ਚ ਜੰਮੂ-ਕਸ਼ਮੀਰ ਪੁਲਿਸ ਦਾ ਇਕ ਐੱਸਪੀਓ ਸ਼ਹੀਦ ਜਦਕਿ ਇਕ ਹੋਰ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ ਹੈ। ਇੱਥੇ ਮੁਕਾਬਲਾ ਹਾਲੇ ਵੀ ਜਾਰੀ ਹੈ। ਸੁਰੱਖਿਆ ਬਲਾਂ ਦਾਕ ਹਿਣਾ ਹੈ ਕਿ ਅੱਤਵਾਦੀ ਇਕ ਮਕਾਨ ਅੰਦਰ ਲੁਕੇ ਹੋਏ ਹਨ ਤੇ ਉਨ੍ਹਾਂ ਦੀ ਗਿਣਤੀ ਦੋ ਤੋਂ ਤਿੰਨ ਦੇ ਕਰੀਬ ਦੱਸੀ ਜਾ ਰਹੀ ਹੈ। ਦੋਵੇਂ ਪਾਸਿਓਂ ਗੋਲ਼ੀਬਾਰੀ ਜਾਰੀ ਹੈ।
ਆਈਜੀਪੀ ਕਸ਼ਮੀਰ ਵਿਜੈ ਕੁਮਾਰ ਨੇ ਸ਼ੋਪੀਆਂ ‘ਚ ਲਸ਼ਕਰ ਦੇ ਤਿੰਨ ਅੱਤਵਾਦੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਬੀਤੀ ਵੀਰਵਾਰ ਸ਼ਾਮ ਨੂੰ ਇਨ੍ਹਾਂ ਅੱਤਵਾਦੀਆਂ ਦੇ ਇਲਾਕੇ ‘ਚ ਮੌਜੂਦ ਹੋਣ ਦੀ ਸੂਚਨਾ ਮਿਲੀ ਸੀ। ਐੱਸਓਜੀ, ਫ਼ੌਜ ਤੇ ਸੀਆਰਪੀਐੱਫ ਦੀ ਜੁਆਇੰਟ ਟੀਮ ਨੇ ਅੱਤਵਾਦੀਆਂ ਦੀ ਤਲਾਸ਼ ਲਈ ਜਦੋਂ ਇੱਥੇ ਤਲਾਸ਼ੀ ਮੁਹਿੰਮ ਚਲਾਈ ਤਾਂ ਅੱਤਵਾਦੀਆਂ ਨੇ ਉਨ੍ਹਾਂ ‘ਤੇ ਗੋਲ਼ੀਬਾਰੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਅੱਤਵਾਦੀਆਂ ਨੂੰ ਆਤਮ ਸਮਰਪਣ ਕਰਨ ਲਈ ਵੀ ਕਿਹਾ ਗਿਆ ਪਰ ਉਹ ਨਹੀਂ ਮੰਨੇ। ਦੇਰ ਰਾਤ ਤਕ ਦੋਵਾਂ ਪਾਸਿਓਂ ਗੋਲ਼ੀਬਾਰੀ ਹੁੰਦੀ ਰਹੀ ਤੇ ਅੱਜ ਸਵੇਰੇ ਸੁਰੱਖਿਆ ਮੁਲਾਜ਼ਮ ਤਿੰਨਾਂ ਅੱਤਵਾਦੀਆਂ ਨੂੰ ਢੇਰ ਕਰਨ ਵਿਚ ਸਫ਼ਲ ਰਹੇ। ਅੱਤਵਾਦੀਆਂ ਦੀ ਫਿਲਹਾਲ ਪਛਾਣ ਨਹੀਂ ਹੋ ਸਕੀ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਇਲਾਕੇ ‘ਚ ਤਲਾਸ਼ੀ ਮੁਹਿੰਮ ਜਾਰੀ ਹੈ। ਜਦੋਂ ਇਹ ਪੁਸ਼ਟੀ ਹੋ ਜਾਵੇਗੀ ਕਿ ਇਲਾਕੇ ‘ਚ ਹੋਰ ਕੋਈ ਅੱਤਵਾਦੀ ਮੌਜੂਦ ਨਹੀਂ ਹੈ ਤਾਂ ਆਪ੍ਰੇਸ਼ਨ ਖ਼ਤਮ ਕਰ ਦਿੱਤਾ ਜਾਵੇਗਾ।






