ਲੜਕੀ ਵੱਲੋਂ ਦਿਖਾਈ ਗਈ ਬਹਾਦਰੀ ਲਈ ਕੇਂਦਰ ਅਤੇ ਸੂਬਾ ਸਰਕਾਰ ਨੂੰ ਬਹਾਦਰੀ ਐਵਾਰਡ ਨਾਲ ਸਨਮਾਨਿਤ ਕਰਨ ਦੀ ਸਿਫਾਰਸ਼ ਕੀਤੀ ਜਾਵੇਗੀ ।

ਜਲੰਧਰ (ਸੋਨੂੰ ਸਹੋਤਾ) : ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਿਸ ਵਲੋਂ 15 ਸਾਲਾ ਕੁਸੁਮ ਦੁਆਰਾ ਦੋ ਮੋਟਰਸਾਈਕਲ ਸਵਾਰਾਂ ਵਲੋਂ ਉਸ ਦਾ ਮੋਬਾਇਲ ਫੋਲ ਖੋਹਣ ਸਮੇਂ ਦਿਖਾਈ ਗਈ ਬਹਾਦਰੀ ਲਈ ਕੇਂਦਰ ਅਤੇ ਸੂਬਾ ਸਰਕਾਰ ਨੂੰ ਬਹਾਦਰੀ ਐਵਾਰਡ ਨਾਲ ਸਨਮਾਨਿਤ ਕਰਨ ਦੀ ਸਿਫਾਰਸ਼ ਕੀਤੀ ਜਾਵੇਗੀ । ਜਿਸ ਦੇ ਹੌਸਲੇ ਵਜੋਂ ਦੀਨ ਦਿਆਲ ਉਪਾਧਿਆਏ ਨਗਰ ਵਿਖੇ ਗੁੱਟ ਬੁਰੀ ਤਰ੍ਹਾਂ ਜਖ਼ਮੀ ਹੋਣ ਦੇ ਬਾਵਜੂਦ ਲੁੱਟ-ਖੋਹ ਕਰਨ ਵਾਲਿਆਂ ਵਿਚੋਂ ਇਕ ਨੂੰ ਕਾਬੂ ਕੀਤਾ ਜਾ ਸਕਿਆ । ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਪੁਲਿਸ ਕਮਿਸ਼ਨਰ ਸ੍ਰੀ ਭੁੱਲਰ ਨੇ ਦੱਸਿਆ ਕਿ ਜਦੋਂ ਕੁਸੁਮ ਟਿਊਸ਼ਨ ਜਾ ਰਹੀ ਸੀ ਤਾਂ ਦੋ ਮੋਟਰਸਾਈਕਲ ਸਵਾਰਾਂ ਵਲੋਂ ਉਸ ਦਾ ਮੋਬਾਇਲ ਫੋਨ ਖੋਹਣ ਦੀ ਕੋਸ਼ਿਸ਼ ਕੀਤੀ । ਜਿਸ ‘ਤੇ ਲੜਕੀ ਉਨਾਂ ਦੇ ਮਗਰ ਭੱਜੀ ਅਤੇ ਮੋਟਰ ਸਾਈਕਲ ‘ਤੇ ਸਵਾਰ ਦੋਸ਼ੀ ਅਵਿਨਾਸ਼ ਨੂੰ ਫੜ ਲਿਆ । ਉਨ੍ਹਾਂ ਦੱਸਿਆ ਕਿ ਅਵਿਨਾਸ਼ ਵਲੋਂ ਲੜਕੀ ਦੇ ਗੁੱਟ ‘ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਗਿਆ ਪਰ ਲੜਕੀ ਘਬਰਾਈ ਨਹੀਂ ਅਤੇ ਉਸ ਵਲੋਂ ਜ਼ੋਰ ਨਾਲ ਰੌਲਾ ਪਾਇਆ ਗਿਆ । ਜਿਸ ‘ਤੇ ਇਲਾਕਾ ਵਾਸੀਆਂ ਵਲੋਂ ਅਵਿਨਾਸ਼ ਨੂੰ ਕਾਬੂ ਕਰ ਲਿਆ ਗਿਆ । ਭੁੱਲਰ ਨੇ ਦੱਸਿਆ ਕਿ ਕੁਝ ਲੋਕਾਂ ਵਲੋਂ ਉਨ੍ਹਾਂ ਨੂੰ ਸਿੱਧੇ ਫੋਨ ਕੀਤੇ ਗਏ ਜਿਸ ‘ਤੇ ਹੈਦੋ ਪੁਲਿਸ ਟੀਮਾਂ ਮੌਕੇ ‘ਤੇ ਭੇਜੀਆਂ ਗਈ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਅਵਿਨਾਸ਼ ਜੋ ਕਿ ਬਸਤੀ ਦਾਨਿਸ਼ਮੰਦਾਂ ਦੇ ਬੇਗ਼ਮਪੁਰਾ ਦਾ ਵਸਨੀਕ ਹੈ, ਕੋਵਿਡ-19 ਕਰਕੇ ਦਿੱਤੀ ਗਈ ਰਾਹਤ ਦੌਰਾਨ ਹਾਲ ਹੀ ਵਿਚ ਪੇਰੌਲ ‘ਤੇ ਬਾਹਰ ਆਇਆ ਸੀ ਅਤੇ ਉਹ ਸੱਤ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ । ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਦੂਜੇ ਦੋਸ਼ੀ ਦੀ ਪਹਿਚਾਨ ਵਿਨੋਦ ਕੁਮਾਰ ਵਾਸੀ ਰੇਲਵੇ ਕੁਆਰਟਰ ਵਜੋਂ ਹੋਈ ਹੈ ਅਤੇ ਪੁਲਿਸ ਟੀਮ ਵਲੋਂ ਜਲਦੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ । ਭੁੱਲਰ ਨੇ ਦੱਸਿਆ ਕਿ ਅਵਿਨਾਸ਼ ਅਤੇ ਵਿਨੋਦ ਖਿਲਾਫ਼ ਧਾਰਾ 307 ਅਤੇ 379-ਬੀ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਅਵਿਨਾਸ ਨੂੰ ਪੁਲਿਸ ਹਿਰਾਸਤ ਵਿੱਚ ਲਿਆ ਜਾਵੇਗਾ ਤਾਂ ਕਿ ਉਸ ਤੋਂ ਵਿਨੋਦ ਬਾਰੇ ਜਾਣਕਾਰੀ ਹਾਸਿਲ ਕੀਤੀ ਜਾ ਸਕੇ ।






