ਰੋਹਤਕ : ਸੁਨਾਰੀਆ ਜੇਲ੍ਹ ਵਿੱਚ ਰਹਿ ਰਹੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਐਤਵਾਰ ਸ਼ਾਮ ਨੂੰ ਪੈਰੋਲ ਦੀ ਮਿਆਦ ਖਤਮ ਹੋ ਗਈ। ਪਿਛਲੇ ਮਹੀਨੇ 17 ਜੂਨ ਨੂੰ ਡੇਰਾ ਮੁਖੀ ਨੂੰ 30 ਦਿਨਾਂ ਦੀ ਰੁਟੀਨ ਪੈਰੋਲ ‘ਤੇ ਰਿਹਾਅ ਕੀਤਾ ਗਿਆ ਸੀ।ਹਾਲਾਂਕਿ ਡੇਰਾ ਮੁਖੀ ਨੇ 40 ਦਿਨਾਂ ਲਈ ਪੈਰੋਲ ਲਈ ਅਰਜ਼ੀ ਦਿੱਤੀ ਸੀ ਪਰ 30 ਦਿਨਾਂ ਦੀ ਪੈਰੋਲ ਦਿੱਤੀ ਗਈ ਸੀ। ਉਦੋਂ ਤੋਂ ਡੇਰਾ ਮੁਖੀ ਉੱਤਰ ਪ੍ਰਦੇਸ਼ ਦੇ ਬਾਗਪਤ ਸਥਿਤ ਬਰਨਾਵਾ ਡੇਰੇ ਵਿੱਚ ਹੈ। ਇਸ ਦੌਰਾਨ ਡੇਰਾ ਮੁਖੀ ਕਈ ਵਾਰ ਲਾਈਵ ਆਇਆ ਅਤੇ ਪੈਰੋਕਾਰਾਂ ਨੂੰ ਸੰਦੇਸ਼ ਵੀ ਦਿੱਤੇ। ਪੈਰੋਲ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਦੇਰ ਸ਼ਾਮ ਤਕ ਡੇਰਾ ਮੁਖੀ ਨੂੰ ਸੁਨਾਰੀਆ ਜੇਲ੍ਹ ਨਹੀਂ ਲਿਆਂਦਾ ਗਿਆ ਸੀ।

ਪੁਲਿਸ ਅਧਿਕਾਰੀਆਂ ਅਨੁਸਾਰ ਜੇਲ੍ਹ ਨਿਯਮਾਂ ਅਨੁਸਾਰ ਵਾਧੂ ਸਫ਼ਰ ਦਾ ਸਮਾਂ ਮਿਲਦਾ ਹੈ। ਇਸ ਲਈ ਸੋਮਵਾਰ ਸਵੇਰੇ ਡੇਰਾ ਮੁਖੀ ਨੂੰ ਸੁਨਾਰੀਆ ਜੇਲ੍ਹ ਲਿਆਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜੇਲ੍ਹ ਪ੍ਰਸ਼ਾਸਨ ਨੇ ਜੇਲ੍ਹ ਅੰਦਰ ਗੁਰਮੀਤ ਦੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ। ਜੇਲ੍ਹ ਵਿੱਚ ਬੰਦ ਹੋਰ ਕੈਦੀਆਂ ਨੂੰ ਡੇਰਾ ਮੁਖੀ ਨਾਲੋਂ ਵੱਖ ਰੱਖਣ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ।ਅਗਸਤ 2017 ਵਿੱਚ ਸਜ਼ਾ ਸੁਣਾਈ ਗਈ
ਅਗਸਤ 2017 ਵਿੱਚ ਪੰਚਕੂਲਾ ਦੀ ਸੀਬੀਆਈ ਅਦਾਲਤ ਨੇ ਡੇਰਾ ਮੁਖੀ ਨੂੰ ਜਬਰ ਜਨਾਹ ਦੇ ਮਾਮਲੇ ਵਿੱਚ 20 ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਇਸ ਤੋਂ ਬਾਅਦ ਡੇਰਾ ਮੁਖੀ ਸਮੇਤ ਚਾਰ ਲੋਕਾਂ ਨੂੰ 2020 ਵਿੱਚ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦਾ ਦੋਸ਼ੀ ਠਹਿਰਾਇਆ ਗਿਆ ਸੀ। ਇਸ ਦੇ ਨਾਲ ਹੀ ਡੇਰਾ ਮੁਖੀ ਨੂੰ ਇਕ ਪੱਤਰਕਾਰ ਦੇ ਕਤਲ ਕੇਸ ਵਿੱਚ ਵੀ ਦੋਸ਼ੀ ਕਰਾਰ ਦਿੱਤਾ ਗਿਆ ਹੈ। ਉਦੋਂ ਤੋਂ ਹੀ ਡੇਰਾ ਮੁਖੀ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਸੁਨਾਰੀਆ ਜੇਲ੍ਹ ਵਿੱਚ ਰੱਖਿਆ ਗਿਆ ਹੈ।



