ਫਰਗਿਊਸਨ ਨੇ ਇਕੱਲੇ ਦਮ ‘ਤੇ ਸਨਰਾਈਜਰਜ਼ ਹੈਦਰਾਬਾਦ ਦੇ ਬੱਲੇਬਾਜ਼ਾਂ ਨੂੰ ਚਿੱਤ ਕਰ ਦਿੱਤਾ।

ਨਵੀਂ ਦਿੱਲੀ (ਏਜੇਂਸੀ) : ਨਵੇਂ ਕਪਤਾਨ ਇਆਨ ਮਾਰਗਨ ਦੀਆਂ ਤਬਦੀਲੀਆਂ ਦਾ ਨਤੀਜਾ ਸੀ ਕਿ ਫਰਗਿਊਸਨ ਨੂੰ ਲੰਬੇ ਸਮੇਂ ਬਾਅਦ ਖੇਡਣ ਦਾ ਮੌਕਾ ਮਿਲਿਆ ਤੇ ਉਨ੍ਹਾਂ ਨੇ ਇਕੱਲੇ ਦਮ ‘ਤੇ ਐਤਵਾਰ ਨੂੰ ਆਬੂਧਾਬੀ ਵਿਚ ਸਨਰਾਈਜਰਜ਼ ਹੈਦਰਾਬਾਦ ਦੇ ਬੱਲੇਬਾਜ਼ਾਂ ਨੂੰ ਚਿੱਤ ਕਰ ਦਿੱਤਾ। ਕੇਕੇਆਰ ਦੇ 164 ਦੌੜਾਂ ਦੇ ਟੀਚੇ ਦਾ ਬਚਾਅ ਕਰਦੇ ਹੋਏ ਫਰਗਿਊਸਨ ਨੇ ਪਹਿਲਾਂ ਤਿੰਨ ਵਿਕਟਾਂ ਲਈਆਂ ਤੇ ਫਿਰ ਸੁਪਰ ਓਵਰ ਵਿਚ ਪੁੱਜੇ ਮੁਕਾਬਲੇ ਵਿਚ ਦੋ ਵਿਕਟਾਂ ਲੈ ਕੇ ਛੇ ਗੇਂਦਾਂ ਪੂਰੀਆਂ ਹੋਣ ਤੋਂ ਪਹਿਲਾਂ ਹੀ ਹੈਦਰਾਬਾਦ ਦੀ ਪਾਰੀ ਖ਼ਤਮ ਕਰ ਦਿੱਤੀ। ਤਿੰਨ ਦੌੜਾਂ ਦੇ ਟੀਚੇ ਨੂੰ ਹਾਸਲ ਕਰ ਕੇ ਕੇਕੇਆਰ ਨੇ ਆਸਾਨੀ ਨਾਲ ਜਿੱਤ ਦਰਜ ਕਰ ਲਈ।
ਸੁਪਰ ਓਵਰ ਵਿਚ ਪਹਿਲੀ ਗੇਂਦ ‘ਤੇ ਹੀ ਵਾਰਨਰ ਨੂੰ ਫਰਗਿਊਸਨ ਨੇ ਬੋਲਡ ਕਰ ਦਿੱਤਾ। ਅਗਲੀ ਗੇਂਦ ‘ਤੇ ਅਬਦੁਲ ਸਮਦ ਨੇ ਦੋ ਦੌੜਾਂ ਬਣਾਈਆਂ ਪਰ ਤੀਜੀ ਗੇਂਦ ‘ਤੇ ਫਰਗਿਊਸਨ ਨੇ ਸਮਦ ਨੂੰ ਬੋਲਡ ਕਰ ਦਿੱਤਾ। ਇਸ ਤੋਂ ਬਾਅਦ ਦਿਨੇਸ਼ ਕਾਰਤਿਕ ਤੇ ਇਆਨ ਮਾਰਗਨ ਨੇ ਆਸਾਨੀ ਨਾਲ ਤਿੰਨ ਦੌੜਾਂ ਦਾ ਟੀਚਾ ਹਾਸਿਲ ਕਰਦਿਆਂ ਹੈਦਰਾਬਾਦ ਨੂੰ ਮਾਤ ਦਿੱਤੀ ।





